ਜੇਐੱਨਐੱਨ, ਕੋਲਕਾਤਾ : ਬੰਗਾਲ 'ਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹਿੰਸਾ ਦਾ ਦੌਰ ਜਾਰੀ ਹੈ। ਵੱਖ-ਵੱਖ ਇਲਾਕਿਆਂ 'ਚ ਕਥਿਤ ਤੌਰ 'ਤੇ ਭਾਜਪਾ ਵਰਕਰਾਂ ਦੇ ਘਰਾਂ ਤੇ ਪਾਰਟੀ ਦਫ਼ਤਰਾਂ 'ਚ ਤੋੜਭੰਨ ਤੇ ਅੱਗਜ਼ਨੀ ਹੋ ਰਹੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨਾਲ ਫੋਨ 'ਤੇ ਗੱਲਬਾਤ ਕੀਤੀ ਹੈ ਤੇ ਸੂਬੇ ਦੇ ਹਾਲਾਤ 'ਤੇ ਚਿੰਤਾ ਪ੍ਰਗਟਾਈ। ਰਾਜਪਾਲ ਜਗਦੀਪ ਧਨਖੜ ਨੇ ਮੰਗਲਵਾਰ ਦੁਪਹਿਰੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਫੋਨ 'ਤੇ ਗੱਲਬਾਤ ਕਰ ਕੇ ਬੰਗਾਲ 'ਚ ਜਾਰੀ ਹਿੰਸਾ ਸਬੰਧੀ ਚਿੰਤਾ ਜ਼ਾਹਿਰ ਕੀਤੀ ਹੈ।

ਇੱਧਰ ਰਾਜਪਾਲ ਨੇ ਇਕ ਵਾਰ ਫਿਰ ਪੁਲਿਸ ਤੇ ਪ੍ਰਸ਼ਾਸਨ ਦੇ ਸਿਖਰਲੇ ਅਧਿਕਾਰੀਆਂ ਨੂੰ ਹਾਲਾਤ ਕਾਬੂ ਕਰਨ ਤੇ ਜਲਦ ਤੋਂ ਜਲਦ ਸਥਿਤੀ ਆਮ ਵਾਂਗ ਕਰਨ ਨੂੰ ਕਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਬੰਗਾਲ 'ਚ ਦੋ ਮਈ ਯਾਨੀ ਐਤਵਾਰ ਨੂੰ ਚੋਣ ਨਤੀਜੇ ਐਲਾਨੇ ਗਏ ਹਨ ਜਿਸ ਤੋਂ ਬਾਅਦ ਸੂਬੇ 'ਚ ਹਿੰਸਾ ਦਾ ਦੌਰ ਜਾਰੀ ਹੈ। ਬੰਗਾਲ ਦੇ ਕਈ ਜ਼ਿਲ੍ਹਿਆਂ 'ਚ ਭੰਨਤੋੜ, ਅੱਗਜ਼ਨੀ, ਲੁੱਟਖੋਹ, ਜਬਰ ਜਨਾਹ ਤੇ ਹੱਤਿਆ ਹੋਣ ਦੀਆਂ ਸ਼ਿਕਾਇਤਾਂ ਆਈਆਂ ਹਨ। ਭਾਜਪਾ ਦਾ ਦਾਅਵਾ ਹੈ ਕਿ ਤ੍ਰਿਣੂਲ ਵਰਕਰਾਂ ਦੇ ਹਮਲੇ 'ਚ ਹੁਣ ਤਕ ਘੱਟੋ-ਘੱਟ ਉਸ ਦੇ ਨੌਂ ਵਰਕਰਾਂ ਦੀ ਮੌਤ ਹੋ ਚੁੱਕੀ ਹੈ।

Posted By: Seema Anand