ਨਵੀਂ ਦਿੱਲੀ (ਪੀਟੀਆਈ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਸੰਬਰ ਦੇ ਪਹਿਲੇ ਹਫ਼ਤੇ ਨਵੇਂ ਸੰਸਦ ਭਵਨ ਦਾ ਨੀਂਹ-ਪੱਥਰ ਰੱਖ ਸਕਦੇ ਹਨ। ਨਵੀਂ ਇਮਾਰਤ ਸੈਂਟਰਲ ਵਿਸਟਾ ਪ੍ਰਾਜੈਕਟ ਤਹਿਤ ਬਣਾਈ ਜਾਵੇਗੀ, ਜਿਸ 'ਚ ਸੰਸਦ ਭਵਨ, ਕੇਂਦਰੀ ਸੱਕਤਰੇਤ ਤੇ ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਤਕ ਤਿੰਨ ਕਿਲੋਮੀਟਰ ਲੰਬੇ ਰਾਜਪਥ ਦਾ ਮੁੜ ਤੋਂ ਨਿਰਮਾਣ ਸ਼ਾਮਲ ਹੈ। ਨਿਰਮਾਣ ਕਾਰਜ ਸ਼ੁਰੂ ਹੋਣ ਤੋਂ ਬਾਅਦ ਇਸ ਪ੍ਰਾਜੈਕਟ ਦੇ 21 ਦਿਨਾਂ 'ਚ ਮੁਕੰਮਲ ਹੋਣ ਦੀ ਉਮੀਦ ਹੈ। ਸੂਤਰਾਂ ਨੇ ਦੱਸਿਆ ਕਿ ਨਿਰਮਾਣ ਕਾਰਜ ਦੌਰਾਨ ਮੌਜੂਦਾ ਸੰਸਦ ਭਵਨ ਦੇ ਕੰਪਲੈਕਸ 'ਚ ਸਥਿਤ ਪੰਜ ਮੂਰਤੀਆਂ ਨੂੰ ਅਸਥਾਈ ਤੌਰ 'ਤੇ ਟਰਾਂਸਫਰ ਕੀਤਾ ਜਾਵੇਗਾ। ਇਨ੍ਹਾਂ 'ਚ ਮਹਾਤਮਾ ਗਾਂਧੀ ਤੇ ਭੀਮਰਾਓ ਅੰਬੇਡਕਰ ਦੀਆਂ ਮੂਰਤੀਆਂ ਸ਼ਾਮਲ ਹਨ। ਪ੍ਰਾਜੈਕਟ ਪੂਰਾ ਹੋਣ 'ਤੇ ਇਨ੍ਹਾਂ ਨੂੰ ਨਵੇਂ ਕੰਪਲੈਕਸ 'ਚ ਮੁੱਖ ਸਥਾਨ 'ਤੇ ਮੁੜ ਤੋਂ ਸਥਾਪਿਤ ਕੀਤਾ ਜਾਵੇਗਾ।

ਯੋਜਨਾ ਮੁਤਾਬਕ ਨਵੇਂ ਸੰਸਦ ਭਵਨ 'ਚ ਸਾਰੇ ਸੰਸਦ ਮੈਂਬਰਾਂ ਲਈ ਡਿਜੀਟਲ ਇੰਟਰਫੇਸ ਸਹੂਲਤ ਨਾਲ ਲੈਸ ਵੱਖ-ਵੱਖ ਦਫ਼ਤਰ, ਇਕ ਲਾਇਬ੍ਰੇਰੀ, ਕਈ ਕਮੇਟੀ ਸੈੱਲ, ਡਾਇਨਿੰਗ ਏਰੀਆ ਤੇ ਪਾਰਕਿੰਗ ਲਈ ਢੁੱਕਵੀਂ ਜਗ੍ਹਾ ਹੋਵੇਗੀ। ਇਸ ਤੋਂ ਇਲਾਵਾ ਇਕ ਸ਼ਾਨਦਾਰ ਕਾਂਸਟੀਟਿਊਸ਼ਨ ਹਾਲ ਵੀ ਹੋਵੇਗਾ ਜਿਸ ਚ ਭਾਰਤੀ ਲੋਕਤੰਤਰ ਦੀ ਵਿਰਾਸਤ ਨੂੰ ਦਰਸਾਇਆ ਜਾਵੇਗਾ। ਸਤੰਬਰ 'ਚ ਟਾਟਾ ਪ੍ਰਾਜੈਕਟ ਲਿਮਟਡ ਨੇ ਨਵੇਂ ਸੰਸਦ ਭਵਨ ਦੇ ਨਿਰਮਾਣ ਲਈ 861.90 ਕਰੋੜ ਰੁਪਏ ਦਾ ਠੇਕਾ ਹਾਸਲ ਕੀਤਾ ਸੀ। ਕੇਂਦਰੀ ਲੋਕ ਨਿਰਮਾਣ ਵਿਭਾਗ (ਸੀਪੀਡਬਲਯੂ) ਮੁਤਾਬਕ ਪ੍ਰਾਜੈਕਟ ਪਾਰ ਹੋਣ ਤਕ ਮੌਜੂਦਾ ਸੰਸਦ ਭਵਨ 'ਚ ਕੰਮਕਾਜ ਹੁੰਦਾ ਰਹੇਗਾ। ਨਵੀਂ ਇਮਾਰਤ ਬਣ ਜਾਣ ਤੋਂ ਬਾਅਦ ਮੌਜੂਦਾ ਸੰਸਦ ਭਵਨ ਦੀ ਕਿਸੇ ਹੋਰ ਕੰਮ ਲਈ ਵਰਤੋਂ ਕੀਤੀ ਜਾਵੇਗੀ।

Posted By: Sunil Thapa