ਨਵੀਂ ਦਿੱਲੀ, ਏਜੰਸੀਆਂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰਸਿਨ ਨਾਲ ਫੋਨ 'ਤੇ ਗੱਲਬਾਤ ਕੀਤੀ। ਦੋਵੇਂ ਦੇਸ਼ਾਂ ਦੇ ਆਗੂਆਂ ਨੇ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਨਾਲ ਨਜਿੱਠਣ ਦੇ ਆਪਣੇ ਅਨੁਭਵਾਂ ਨੂੰ ਸਾਂਝਾ ਕਰਨ ਦੇ ਮਹੱਤਵ 'ਤੇ ਸਹਿਮਤੀ ਪ੍ਰਗਟਾਈ ਹੈ। ਪੀਐੱਮ ਮੋਦੀ ਨੇ ਇਸ ਮੁੱਦੇ 'ਤੇ ਬਹਿਰੀਨ ਦੇ ਰਾਜਾ ਹਮਦ ਬਿਨ ਈਸਾ ਅਲ ਖਲੀਫ਼ਾ ਨਾਲ ਵੀ ਫੋਨ 'ਤੇ ਗੱਲਬਾਤ ਕੀਤੀ। ਸਰਕਾਰੀ ਬਿਆਨ 'ਚ ਦੱਸਿਆ ਕਿ ਮੋਦੀ ਅਤੇ ਆਸਟ੍ਰੇਲੀਆ ਦੇ ਪੀਐੱਮ ਮਾਰਸਿਨ ਨੇ ਸੋਮਵਾਰ ਨੂੰ ਕੋਵਿਡ19 ਦੀ ਕੌਮਾਂਤਰੀ ਮਹਾਮਾਰੀ ਨਾਲ ਜੰਗ 'ਚ ਆਪਣੀਆਂ-ਆਪਣੀਆਂ ਸਰਕਾਰਾਂ ਦੀਆਂ ਘਰੇਲੂ ਰਣਨੀਤੀਆਂ 'ਤੇ ਚਰਚਾ ਕੀਤੀ।

ਸਿਹਤ ਸਬੰਧੀ ਸੰਕਟ ਨੂੰ ਲੈ ਕੇ ਦੋਵੇਂ ਆਗੂਆਂ ਨੇ ਦੁਵੱਲੇ ਅਨੁਭਵਾਂ ਨੂੰ ਸਾਂਝਾ ਕਰਨ ਦੀ ਗੱਲ ਆਖੀ। ਨਾਲ ਹੀ ਮਿਲ ਕੇ ਇਸ ਦਿਸ਼ਾ 'ਚ ਸੋਧ ਕਰਨ ਦਾ ਵੀ ਭਰੋਸਾ ਪ੍ਰਗਟਾਇਆ। ਮੋਦੀ ਨੇ ਆਸਟ੍ਰੇਲੀਆ ਸਰਕਾਰ ਨੂੰ ਇਹ ਭਰੋਸਾ ਵੀ ਦਿੱਤਾ ਕਿ ਜੇਕਰ ਲਾਕਡਾਊਨ ਦੇ ਚਲਦੇ ਕੋਈ ਆਸਟ੍ਰੇਲੀਆਈ ਨਾਗਰਿਕ ਭਾਰਤ 'ਚ ਫਸ ਗਿਆ ਹੈ ਤਾਂ ਭਾਰਤ ਸਰਕਾਰ ਉਸ ਨੂੰ ਸਾਰੀਆਂ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਏਗੀ।

ਦੂਜੇ ਪਾਸੇ, ਮੌਰਸਿਨ ਨੇ ਵੀ ਭਰੋਸਾ ਦਿਵਾਇਆ ਕਿ ਆਸਟ੍ਰੇਲੀਆ 'ਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਸਮੇਤ ਭਾਰਤੀਆਂ ਨੂੰ ਆਸਟ੍ਰੇਲੀਆਈ ਸਮਾਜ ਦਾ ਅਹਿਮ ਹਿੱਸਾ ਸਮਝਿਆ ਜਾਂਦਾ ਰਹੇਗਾ। ਦੋਵੇਂ ਦੇਸ਼ ਭਾਰਤ-ਪ੍ਰਸ਼ਾਂਤ ਖੇਤਰ ਤੋਂ ਇਲਾਵਾ ਵੀ ਇਕ-ਦੂਜੇ ਦੇ ਅਹਿਮ ਹਿੱਸੇਦਾਰ ਬਣੇ ਰਹਿਣਗੇ। ਇਸ ਦੌਰਾਨ, ਪ੍ਰਧਾਨ ਮੰਤਰੀ ਮੋਦੀ ਨੇ ਬਹਿਰੀਨ ਦੇ ਰਾਜਾ ਹਮਦ ਬਿਨ ਈਸਾ ਖਲੀਫ਼ਾ ਨਾਲ ਫੋਨ 'ਤੇ ਗੱਲਬਾਤ 'ਚ ਕੋਰੋਨਾ ਦੇ ਕੌਮਾਂਤਰੀ ਸੰਕਟ 'ਤੇ ਚਰਚਾ ਕੀਤੀ। ਬਹਿਰੀਨ ਦੇ ਰਾਜਾ ਖਲੀਫ਼ਾ ਨੇ ਕਿਹਾ ਕਿ ਉਹ ਇਸ ਸੰਕਟ ਦੌਰਾਨ ਬਹਿਰੀਨ 'ਚ ਵੱਡੀ ਗਿਣਤੀ ' ਚ ਵਸੇ ਭਾਰਤੀ ਭਾਈਚਾਰੇ 'ਤੇ ਨਿੱਜੀ ਤੌਰ 'ਤੇ ਧਿਆਨ ਦੇਣਗੇ।

Posted By: Jagjit Singh