ਨਵੀਂ ਦਿੱਲੀ, ਏਐੱਨਆਈ : ਕੋਰੋਨਾ ਵਾਇਰਸ ਮਹਾਮਾਰੀ ਅਤੇ ਇਸ ਦੇ ਮਨੁੱਖੀ ਤੇ ਆਰਥਿਕ ਪ੍ਰਭਾਵਾਂ ਲਈ ਸਮੁੱਚੇ ਕੌਮਾਂਤਰੀ ਪ੍ਰਤੀਕਿਰਿਆ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜੀ 20 ਵਰਚੁਅਲ ਸਮਿਟ 'ਚ ਹੋਰ ਜੀ20 ਦੇ ਆਗੂਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਐੱਨਐੱਸਏ ਅਜੀਤ ਡੋਭਾਲ ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੀ ਹਾਜ਼ਰ ਸਨ। ਪੀਐੱਮ ਮੋਦੀ ਨੇ ਆਖਿਆ ਕਿ ਇਹ ਫੋਰਮ ਵਿੱਤੀ ਤੇ ਆਰਥਿਕ ਮੁੱਦਿਆਂ ਨੂੰ ਸੰਬੋਧਨ ਕਰਨ ਦਾ ਇਕ ਮੰਚ ਬਣ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਦੇਸ਼ਾਂ ਦੇ ਆਗੂਆਂ ਨਾਲ ਮਨੁੱਖੀ ਜੀਵਨ 'ਤੇ ਕੇਂਦਰਿਤ ਕਰਨ ਦੀ ਯੋਜਨਾ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਸਮਾਜ ਦੇ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਦੀਆਂ ਕਠਿਨਾਈਆਂ ਨੂੰ ਘੱਟ ਕਰਨ ਦੀ ਯੋਜਨਾ ਬਣਾਉਣ ਦੀ ਵੀ ਅਪੀਲ ਕੀਤੀ। ਸੂਤਰਾਂ ਅਨੁਸਾਰ ਸਮਿਟ ਦੌਰਾਨ ਕੋਰੋਨਾ ਵਾਇਰਸ ਦੀ ਉਤਪੱਤੀ 'ਤੇ ਕੋਈ ਚਰਚਾ ਨਹੀਂ ਹੋਈ। ਇਸ ਦੌਰਾਨ ਭਾਵਾਨਾ ਸਹਿਯੋਗਾਤਮਕ ਸੀ ਤੇ ਮੌਜੂਦਾ ਸੰਕਟ ਨਾਲ ਨਜਿੱਠਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਵਾਇਰਸ ਦੇ ਪ੍ਰਕੋਪ ਲਈ ਕਿਸੇ ਨੂੰ ਦੋਸ਼ ਦੇਣ ਦਾ ਕੋਈ ਯਤਨ ਨਹੀਂ ਕੀਤਾ ਗਿਆ।

ਕੋਰੋਨਾ ਖ਼ਿਲਾਫ਼ ਲੜਾਈ 'ਚ ਸਿਰਫ ਖੇਤਰੀ ਪੱਧਰ 'ਤੇ ਹੀ ਨਹੀਂ ਸਗੋਂ ਕੌਮਾਂਤਰੀ ਪੱਧਰ 'ਤੇ ਵੀ ਭਾਰਤ ਦੀ ਭੂਮਿਕਾ ਨੂੰ ਜੀ-20 ਵਰੂਚਅਲ ਸਮਿਟ 'ਚ ਹੋਰ ਆਗੂਆਂ ਨੇ ਸਲਾਹਿਆ। ਸੰਯੁਕਤ ਰਾਸ਼ਟਰ, ਕੌਮਾਂਤਰੀ ਮੁਦਰਾ ਕੋਸ਼ ਤੇ ਵਿਸ਼ਵ ਸਿਹਤ ਸੰਗਠਨ ਦੇ ਮੁਖੀਆਂ ਨੇ ਵੀ ਸਮਿਟ ਦੀ ਸ਼ੁਰੂਆਤ 'ਚ ਗੱਲ ਰੱਖੀ। ਪਹਿਲਾਂ ਹੀ ਇਹ ਫ਼ੈਸਲਾ ਹੋ ਚੁੱਕਾ ਸੀ ਕਿ ਜੀ-20 ਕੋਰੋਨਾ 'ਤੇ ਇਕ ਐਕਸ਼ਨ ਪੇਪਰ ਨਾਲ ਆਵੇਗਾ।


ਨੁਕਸਾਨ 'ਚ ਮਦਦ ਲਈ 5 ਟ੍ਰਿਲੀਅਨ ਡਾਲਰ ਲਾਉਣ ਦਾ ਫ਼ੈਸਲਾ

ਸਾਊਥੀ ਅਰਬ ਦੀ ਪ੍ਰਧਾਨਗੀ 'ਚ ਹੋ ਰਹੀ ਜੀ-20 ਦੇਸ਼ਾਂ ਦੀ ਵਰਚੁਅਲ ਬੈਠਕ 'ਚ ਇਕ ਮੁਖ ਫ਼ੈਸਲਾ ਕੀਤਾ ਗਿਆ ਹੈ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਤੇ ਇਸ ਦੇ ਕਾਰਨ ਦੁਨੀਆ ਦੀ ਅਰਥ ਵਿਵਸਥਾ ਨੂੰ ਹੋ ਰਹੇ ਨੁਕਸਾਨ 'ਚ ਮਦਦ ਲਈ 5 ਟ੍ਰਿਲੀਅਨ ਡਾਲਰ ਲਾਉਣ ਦਾ ਫ਼ੈਸਲਾ ਕੀਤਾ ਗਿਆ। ਦੁਨੀਆ ਦੇ 19 ਦੇਸ਼ਾਂ ਤੇ ਯੂਰਪੀ ਸੰਘ ਦੇ ਆਗੂਆਂ ਦੀ ਇਹ ਬੈਠਕ ਵੀਡੀਓ ਕਾਰਫਰਸਿੰਗ ਜ਼ਰੀਏ ਕੀਤੀ ਗਈ। ਹੁਣ ਤਕ ਦੁਨੀਆ 'ਚ ਕੋਰੋਨਾ ਵਾਇਰਸ ਦੇ ਕਾਰਨ 22 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

Posted By: Jagjit Singh