PM Modi Address to Nation : ਨਈ ਦੁਨੀਆ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਦੇਸ਼ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ (PMO) ਨੇ ਸੋਮਵਾਰ ਰਾਤ ਇਕ ਟਵੀਟ ਜਾਰੀ ਕਰ ਕੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਸ਼ਾਮ 4 ਵਜੇ ਦੇਸ਼ ਦੇ ਨਾਂ ਸੰਦੇਸ਼ ਦੇਣਗੇ। 29 ਜੂਨ ਸੋਮਵਾਰ ਦੀ ਰਾਤ ਨੂੰ ਗ੍ਰਹਿ ਮੰਤਰਾਲੇ ਨੇ ਅਨਲਾਕ-2 (Unlock-2) ਦੀ ਨਵੀਂ ਗਾਈਡਲਾਈਨ ਜਾਰੀ ਕਰ ਦਿੱਤੀ ਹੈ। ਇਸ ਅਨੁਸਾਰ ਕੰਟੇਨਮੈਂਟ ਜ਼ੋਨ 'ਚ 31 ਜੁਲਾਈ ਤਕ ਸਖ਼ਤੀ ਨਾਲ ਲਾਕਡਾਊਨ ਜਾਰੀ ਰਹੇਗਾ। 30 ਜੂਨ ਨੂੰ ਅਨਲਾਕ-1 ਖ਼ਤਮ ਹੋ ਰਿਹਾ ਹੈ। ਅਨਲਾਕ-2 ਲਈ ਦਿਸ਼ਾ-ਨਿਰਦੇਸ਼ ਇਕ ਜੁਲਾਈ ਯਾਨੀ ਬੁੱਧਵਾਰ ਤੋਂ ਲਾਗੂ ਹੋਣਗੇ।

ਜ਼ਿਕਰਯੋਗ ਹੈ ਕਿ ਪਿਛਲੇ ਸੰਬੋਧਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਸੰਕਟ 'ਚ 20 ਲੱਖ ਕਰੋੜ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਆਤਮਨਿਰਭਰ ਭਾਰਤ ਮੁਹਿੰਮ ਦਾ ਵੀ ਸੱਦਾ ਦਿੱਤਾ ਸੀ। 24 ਮਾਰਚ ਨੂੰ ਦੇਸ਼ਵਿਆਪੀ ਲਾਕਡਾਊਨ ਐਲਾਨਣ ਤੋਂ ਬਾਅਦ ਉਹ ਹੁਣ ਤਕ 3 ਵਾਰ ਦੇਸ਼ ਦੇ ਨਾਂ ਸੰਬੋਧਨ ਕਰ ਚੁੱਕੇ ਹਨ। ਭਾਰਤ-ਚੀਨ ਵਿਚਕਾਰ ਪਨਪੇ ਤਣਾਅ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਦੇਸ਼ ਦੇ ਨਾਂ ਸੰਬੋਧਨ ਹੈ।

ਇਸ ਤੋਂ ਪਹਿਲਾਂ PM ਮੋਦੀ ਨੇ ਐਤਵਾਰ ਨੂੰ 'ਮਨ ਕੀ ਬਾਤ' ਪ੍ਰੋਗਰਾਮ ਜ਼ਰੀਏ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੋਰੋਨਾ ਸਬੰਧੀ ਤੂਫ਼ਾਨ, ਟਿੱਡੀ ਹਮਲੇ, ਲੱਦਾਖ 'ਚ ਸ਼ਹੀਦ ਹੋਏ ਜਵਾਨਾਂ ਦਾ ਜ਼ਿਕਰ ਕੀਤਾ ਸੀ।

ਚੀਨ ਦਾ ਨਾਂ ਲਏ ਬਗ਼ੈਰ ਪੀਐੱਮ ਮੋਦੀ ਨੇ ਕਿਹਾ ਸੀ ਕਿ ਲੱਦਾਖ 'ਚ ਭਾਰਤ ਵੱਲੋਂ ਅੱਖ ਉਠਾ ਕੇ ਦੇਖਣ ਵਾਲਿਆਂ ਨੂੰ ਕਰਾਰਾ ਜਵਾਬ ਮਿਲਿਆ ਹੈ। ਉੱਥੇ ਹੀ 'ਮਨ ਕੀ ਬਾਤ' 'ਚ ਪੀਐੱਮ ਮੋਦੀ ਨੇ ਕਿਹਾ ਸੀ ਕਿ ਕੋਰੋਨਾ ਸੰਕਟ ਕਾਲ 'ਚ ਦੇਸ਼ ਲਾਕਡਾਊਨ 'ਚੋਂ ਬਾਹਰ ਨਿਕਲ ਆਇਆ ਹੈ।

Posted By: Seema Anand