ਨਵੀਂ ਦਿੱਲੀ, ਪੀਟੀਆਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨ ਔਸ਼ਧੀ ਦਿਵਸ ਸਮਾਗਮ 'ਚ ਵੀਡੀਓ ਕਾਨਫਰੰਸਿੰਗ ਜ਼ਰੀਏ ਸ਼ਿਲਾਂਗ 'ਚ ਬਣੇ 7500ਵੇਂ ਜਨ ਔਸ਼ਧੀ ਕੇਂਦਰ ਨੂੰ ਦੇਸ਼ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਗ਼ਰੀਬਾਂ ਤੇ ਮੱਧਮ ਆਮਦਨ ਵਰਗ ਦੇ ਪਰਿਵਾਰਾਂ ਲਈ ਦੇਸ਼ ਭਰ 'ਚ ਪੀਐੱਮ ਜਨਔਸ਼ਧੀ ਯੋਜਨਾ ਚਲਾਈ ਜਾ ਰਹੀ ਹੈ। ਇਹ ਯੋਜਨਾ 'ਸੇਵਾ ਤੇ ਰੁਜ਼ਗਾਰ' ਦਾ ਇਕ ਮਾਧਿਅਮ ਹੈ, ਕਿਉਂਕਿ ਉਹ ਨੌਜਵਾਨਾਂ ਨੂੰ ਰੁਜ਼ਗਾਰ ਦੇ ਅਵਸਰ ਵੀ ਪ੍ਰਦਾਨ ਕਰਦੀ ਹੈ। ਸਾਡੀਆਂ ਭੈਣਾਂ ਤੇ ਧੀਆਂ ਨੂੰ ਸਿਰਫ਼ ਢਾਈ ਰੁਪਏ 'ਚ ਸੈਨੇਟਰੀ ਪੈਡ ਮੁਹੱਈਆ ਕਰਵਾਏ ਜਾਂਦੇ ਹਨ ਤਾਂ ਇਸ ਨਾਲ ਉਨ੍ਹਾਂ ਦੀ ਸਿਹਤ 'ਤੇ ਸਕਾਰਾਤਮਕ ਅਸਰ ਹੁੰਦਾ ਹੈ। ਹੁਣਤ ਕ 11 ਕਰੋੜ ਤੋਂ ਜ਼ਿਆਦਾ ਸੈਨੇਟਰੀ ਨੈਪਕਿਨ ਇਨ੍ਹਾਂ ਕੇਂਦਰਾਂ 'ਤੇ ਵਿਕ ਚੁੱਕੇ ਹਨ। ਦੇਸ਼ ਵਿਚ ਜਨਔਸ਼ਧੀ ਕੇਂਦਰਾਂ 'ਤੇ 75 ਆਯੁਸ਼ ਦਵਾਈਆਂ ਉਪਲਬਧ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ।

ਲਾਭਪਾਤਰੀਆਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦਵਾਈਆਂ ਮਹਿੰਗੀਆਂ ਹਨ, ਇਸ ਲਈ ਅਸੀਂ ਗ਼ਰੀਬਾਂ ਲਈ ਪੀਐੱਮ 'ਜਨ ਔਸ਼ਧੀ' ਯੋਜਨਾ ਸ਼ੁਰੂ ਕੀਤੀ ਹੈ ਜੋ ਉਨ੍ਹਾਂ ਦਾ ਪੈਸਾ ਬਚਾਉਂਦੀ ਹੈ। ਮੈਂ ਲੋਕਾਂ ਨੂੰ 'ਮੋਦੀ ਕੀ ਦੁਕਾਨ' ਤੋਂ ਸਸਤੀ ਕੀਮਤ 'ਤੇ ਦਵਾਈਆਂ ਖਰੀਦਣ ਦੀ ਅਪੀਲ ਕਰਦਾ ਹਾਂ।

ਦੱਸ ਦੇਈਏ ਕਿ ਲੋਕ 'ਜਨ ਔਸ਼ਧੀ ਕੇਂਦਰ' ਨੂੰ ਮੋਦੀ ਦੀ ਦੁਕਾਨ ਕਹਿਣਾ ਪਸੰਦ ਕਰਦੇ ਹਨ। ਉਨ੍ਹਾਂ ਇਸ ਦੌਰਾਨ ਜਨ ਔਸ਼ਧੀ ਮਾਹਿਰਾਂ, ਜਨ ਔਸ਼ਧੀ ਜਯੋਤੀ ਤੇ ਜਨ ਔਸ਼ਧੀ ਸਾਰਥੀ ਸਨਮਾਨ ਪਾਉਣ ਵਾਲੇ ਲੋਕਾਂ ਨੂੰ ਵਧਾਈ ਦਿੱਤੀ।

ਪੀਐੱਮਓ ਅਨੁਸਾਰ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪ੍ਰੋਜੈਕਟ ਦਾ ਮਕਸਦ ਲੋਕਾਂ ਨੂੰ ਘੱਟ ਕੀਮਤ 'ਤੇ ਗੁਣਵੱਤਾ ਵਾਲੀਆਂ ਦਵਾਈਆਂ ਮੁਹੱਈਆ ਕਰਵਾਉਣਾ ਹੈ। ਇਨ੍ਹਾਂ ਕੇਂਦਰਾਂ 'ਚ 40-90 ਫ਼ੀਸਦ ਤਕ ਦਵਾਈਆਂ ਸਸਤੀਆਂ ਮਿਲਦੀਆਂ ਹਨ। ਇਸ ਵਿੱਤੀ ਵਰ੍ਹੇ 'ਚ (4 ਮਾਰਚ, 2021) ਤਕ ਇਸ ਕੇਂਦਰ ਤੋਂ ਦਵਾਈਆਂ ਖਰੀਦਣ 'ਤੇ ਲੋਕਾਂ ਨੂੰ ਕੁੱਲ 3600 ਕਰੋੜ ਰੁਪਏ ਦੀ ਬਚਤ ਹੋਈ ਹੈ। ਜਨਔਸ਼ਧੀ ਕੇਂਦਰਾਂ ਬਾਰੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਣਕਾਰੀ ਦੇਣ ਲਈ 1-7 ਮਾਰਚ ਦੇ ਹਫ਼ਤੇ ਨੂੰ ਜਨਔਸ਼ਧੀ ਹਫ਼ਤੇ ਦੇ ਰੂਪ 'ਚ ਮਨਾਇਆ ਜਾ ਰਿਹਾ ਹੈ। ਇਸ ਦੇ ਲਈ 'ਜਨ ਔਸ਼ਧੀ...ਸੇਵਾ ਵੀ, ਰੁਜ਼ਗਾਰ ਵੀ' ਦਾ ਨਾਅਰਾ ਦਿੱਤਾ ਗਿਆ ਹੈ।

Posted By: Seema Anand