ਜੇਐੱਨਐੱਨ, ਸੋਨਭੱਦਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਵਿੰਧਯ ਖੇਤਰ ਦੇ ਦੋ ਜ਼ਿਲਿ੍ਹਆਂ ਨੂੰ 5,555 ਕਰੋੜ ਦੇ 23 ਪ੍ਰਾਜੈਕਟਾਂ ਦੀ ਸੌਗਾਤ ਦਿੱਤੀ। ਉਨ੍ਹਾਂ ਦਿੱਲੀ ਤੋਂ ਵੀਡੀਓ ਕਾਨਫਰੰਸਿੰਗ ਨਾਲ ਇਨ੍ਹਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸੋਨਭੱਦਰ ਤੇ ਮੀਰਜਾਪੁਰ ਜ਼ਿਲਿ੍ਹਆਂ ਦੇ 23 ਪ੍ਰਰਾਜੈਕਟਾਂ ਨਾਲ 40 ਲੱਖ ਤੋਂ ਵੀ ਜ਼ਿਆਦਾ ਲੋਕਾਂ ਦਾ ਜੀਵਨ ਬਦਲੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਜਲ ਜੀਵਨ ਮਿਸ਼ਨ ਤਹਿਤ ਦੇਸ਼ ਵਿਚ 2.6 ਕਰੋੜ ਤੋਂ ਜ਼ਿਆਦਾ ਪਰਿਵਾਰਾਂ ਨੂੰ ਪਾਈਪ ਲਾਈਨ ਜ਼ਰੀਏ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਗਿਆ ਹੈ। ਮੋਦੀ ਨੇ ਗੁਰਮੁਰਾ ਦੀ ਸਮੂਹ ਸਖੀ ਫੂਲਪੱਤੀ ਦੇਵੀ ਨਾਲ ਵਰਚੁਅਲ ਗੱਲਬਾਤ ਕਰਕੇ ਪੀਣ ਵਾਲੇ ਪਾਣੀ ਦੀ ਸਮੱਸਿਆ ਦੀ ਜਾਣਕਾਰੀ ਵੀ ਲਈ। ਉਨ੍ਹਾਂ ਕਿਹਾ ਕਿ ਜੀਵਨ ਦੀ ਵੱਡੀ ਸਮੱਸਿਆ ਹੱਲ ਹੁੰਦੀ ਹਾਂ ਤਾਂ ਵੱਖਰਾ ਵਿਸ਼ਵਾਸ ਝਲਕਦਾ ਹੈ। ਇਹ ਵਿਸ਼ਵਾਸ ਤੇ ਉਤਸ਼ਾਹ ਤੁਹਾਡੇ ਵਿਚ ਮੈਂ ਦੇਖ ਰਿਹਾ ਹਾਂ। ਪਾਣੀ ਪ੍ਰਤੀ ਤੁਹਾਡੇ ਵਿਚ ਸੰਵੇਦਨਸ਼ੀਲਤਾ ਕਿੰਨੀ ਹੈ, ਇਹ ਵੀ ਦਿਸ ਰਹੀ ਹੈ।

ਘਰਾਂ 'ਚ ਟੂਟੀਆਂ ਰਾਹੀਂ ਸਾਫ਼ ਪਾਣੀ ਪਹੁੰਚਾਉਣ ਦਾ ਇੰਤਜ਼ਾਮ : ਉਨ੍ਹਾਂ ਕਿਹਾ ਕਿ 'ਹਰ ਘਰ ਜਲ' ਮੁਹਿੰਮ ਨੂੰ ਇਕ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਇਸ ਦੌਰਾਨ ਦੇਸ਼ ਵਿਚ ਦੋ ਕਰੋੜ 60 ਲੱਖ ਤੋਂ ਜ਼ਿਆਦਾ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਟੂਟੀਆਂ ਰਾਹੀਂ ਸਾਫ਼ ਪਾਣੀ ਪਹੁੰਚਾਉਣ ਦਾ ਇੰਤਜ਼ਾਮ ਕੀਤਾ ਗਿਆ ਹੈ। ਇਸ ਵਿਚ ਲੱਖਾਂ ਪਰਿਵਾਰ ਉੱਤਰ ਪ੍ਰਦੇਸ਼ ਦੇ ਵੀ ਹਨ। ਘਰ-ਘਰ ਪਾਈਪਾਂ ਰਾਹੀਂ ਪਾਣੀ ਪਹੁੰਚਾਉਣ ਨਾਲ ਸਾਡੀਆਂ ਮਾਵਾਂ-ਭੈਣਾਂ ਦਾ ਜੀਵਨ ਆਸਾਨ ਹੋ ਰਿਹਾ ਹੈ। ਇਸ ਦਾ ਇਕ ਵੱਡਾ ਲਾਭ ਗ਼ਰੀਬ ਪਰਿਵਾਰਾਂ ਦੀ ਸਿਹਤ ਨੂੰ ਵੀ ਹੋਇਆ ਹੈ। ਇਸ ਨਾਲ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਵਿਚ ਕਮੀ ਆਈ ਹੈ। ਸਰਕਾਰ ਇਕ ਸਾਥੀ ਤੇ ਸਹਾਇਕ ਦੀ ਤਰ੍ਹਾਂ ਤੁਹਾਡੇ ਨਾਲ ਹੈ। ਨੀਂਹ ਪੱਥਰ ਰੱਖਣ ਦਾ ਮੁੱਖ ਪ੍ਰਰੋਗਰਾਮ ਸੋਨਭੱਦਰ ਜ਼ਿਲ੍ਹੇ ਦੇ ਚਤਰਾ ਬਲਾਕ ਦੇ ਕਰਮਾਂਵ ਪਿੰਡ ਵਿਚ ਭੂਮੀ ਪੂਜਨ ਨਾਲ ਹੋਇਆ। ਇੱਥੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੀ ਮੌਜੂਦ ਸਨ।


ਤਿੰਨ ਹਜ਼ਾਰ ਪਿੰਡਾਂ ਤਕ ਪਾਈਪਾਂ ਰਾਹੀਂ ਪਹੁੰਚੇਗਾ ਪਾਣੀ : ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿੰਧਯ ਪਰਬਤ ਦਾ ਇਹ ਇਲਾਕਾ ਪੁਰਾਤਨ ਕਾਲ ਤੋਂ ਵਿਸ਼ਵਾਸ, ਪਵਿੱਤਰਤਾ ਤੇ ਆਸਥਾ ਦਾ ਵੱਡਾ ਕੇਂਦਰ ਰਿਹਾ ਹੈ। ਆਜ਼ਾਦੀ ਦੇ ਦਹਾਕਿਆਂ ਤੋਂ ਬਾਅਦ ਇਹ ਖੇਤਰ ਵਸੀਲਿਆਂ ਦੇ ਬਾਅਦ ਵੀ ਕਾਫ਼ੀ ਅਣਗਹਿਲੀ ਦਾ ਸ਼ਿਕਾਰ ਰਿਹਾ ਹੈ। ਇੱਥੇ ਤਿੰਨ ਹਜ਼ਾਰ ਪਿੰਡਾਂ ਤਕ ਪਾਈਪਾਂ ਰਾਹੀਂ ਪਾਣੀ ਪਹੁੰਚੇਗਾ ਤਾਂ 40 ਲੱਖ ਤੋਂ ਜ਼ਿਆਦਾ ਸਾਥੀਆਂ ਦਾ ਜੀਵਨ ਬਦਲ ਜਾਵੇਗਾ। ਇਸ ਨਾਲ ਦੇਸ਼ ਦੇ ਹਰ ਘਰ ਤਕ ਪਾਣੀ ਪਹੁੰਚਾਉਣ ਦੇ ਸੰਕਲਪ ਨੂੰ ਤਾਕਤ ਮਿਲੇਗੀ।