ਜਾਗਰਣ ਬਿਊਰੋ, ਨਵੀਂ ਦਿੱਲੀ : ਆਮ ਬਜਟ ਤੋਂ ਠੀਕ ਦੋ ਹਫ਼ਤੇ ਪਹਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਬੇਹੱਦ ਉੱਚ ਪੱਧਰੀ ਬੈਠਕ ਵਿਚ ਅਰਥ-ਵਿਵਸਥਾ ਦੇ ਹਾਲਾਤ ਦੀ ਸਮੀਖਿਆ ਕੀਤੀ। ਨੀਤੀ ਆਯੋਗ ਦੇ ਮੁੱਖ ਦਫ਼ਤਰ 'ਚ ਹੋਈ ਇਸ ਬੈਠਕ ਵਿਚ ਸਰਕਾਰ ਦੇ ਸੀਨੀਅਰ ਮੰਤਰੀ, ਨੀਤੀ ਆਯੋਗ ਦੇ ਅਧਿਕਾਰੀਆਂ ਦੇ ਇਲਾਵਾ ਉਦਯੋਗ ਜਗਤ ਦੀਆਂ ਕੁਝ ਨਾਮੀ ਹਸਤੀਆਂ ਅਤੇ ਅਰਥ-ਸ਼ਾਸਤਰੀ ਸ਼ਾਮਲ ਹੋਏ।

ਬੈਠਕ ਵਿਚ ਨੀਤੀ ਆਯੋਗ ਵੱਲੋਂ ਭਵਿੱਖ ਦੀ ਆਰਥਿਕ ਨੀਤੀ 'ਤੇ ਇਕ ਪ੍ਰੈਜੈਂਟੇਸ਼ਨ ਦਿੱਤਾ ਗਿਆ। ਇਹ ਇਕ ਤਰ੍ਹਾਂ ਨਾਲ ਅਰਥ-ਵਿਵਸਥਾ ਦੇ ਸਾਹਮਣੇ ਚੁਣੌਤੀਆਂ ਅਤੇ ਇਨ੍ਹਾਂ ਦੇ ਭਾਵੀ ਹੱਲ ਦਾ ਵੇਰਵਾ ਸੀ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਕਿ ਬੈਠਕ ਵਿਚ ਸਾਰੇ ਮੈਂਬਰਾਂ ਨੇ ਪੰਜ ਵਿਸ਼ਿਆਂ 'ਤੇ ਅਲੱਗ-ਅਲੱਗ ਚਰਚਾ ਕੀਤੀ। ਇਨ੍ਹਾਂ ਵਿਚ ਅਰਥ-ਵਿਵਸਥਾ ਅਤੇ ਰੁਜ਼ਗਾਰ, ਖੇਤੀ ਅਤੇ ਜਲ ਸਰੋਤ, ਬਰਾਮਦ, ਸਿੱਖਿਆ ਅਤੇ ਸਿਹਤ ਦੇ ਵਿਸ਼ੇ ਸ਼ਾਮਲ ਸਨ। ਮੰਨਿਆ ਜਾ ਰਿਹਾ ਹੈ ਕਿ ਆਗਾਮੀ ਬਜਟ ਦਾ ਫੋਕਸ ਵੀ ਇਨ੍ਹਾਂ ਪੰਜਾਂ ਮੁੱਦਿਆਂ 'ਤੇ ਰਹੇਗਾ।

ਹੁਣ ਦੇਖਣਾ ਹੋਵੇਗਾ ਕਿ ਸ਼ਨਿਚਰਵਾਰ ਨੂੰ ਹੋਈ ਬੈਠਕ ਤੋਂ ਮਿਲੇ ਸੁਝਾਵਾਂ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪੰਜ ਜੁਲਾਈ ਨੂੰ ਪੇਸ਼ ਕੀਤੇ ਜਾਣ ਵਾਲੇ ਬਜਟ ਵਿਚ ਕਿਸ ਰੂਪ ਨਾਲ ਸ਼ਾਮਲ ਕਰਦੇ ਹਨ।

ਪ੍ਰਧਾਨ ਮੰਤਰੀ ਦੀ ਇਹ ਬੈਠਕ ਇਸ ਲਈ ਵੀ ਮਹੱਤਵਪੂਰਣ ਹੈ ਕਿਉਂਕਿ ਨੀਤੀ ਆਯੋਗ ਨੇ ਹਾਲ ਹੀ ਵਿਚ ਸਰਕਾਰ ਦੀਆਂ ਭਵਿੱਖ ਦੀਆਂ ਆਰਥਿਕ ਨੀਤੀਆਂ ਦਾ ਇਕ ਏਜੰਡਾ ਤਿਆਰ ਕੀਤਾ ਹੈ। ਇਸ ਵਿਚ ਸਰਕਾਰ ਲਈ ਸ਼ੁਰੂਆਤੀ 100 ਦਿਨਾਂ ਅਤੇ ਸਾਲ 2022 ਤਕ ਦੇ ਟੀਚਿਆਂ ਦਾ ਜ਼ਿਕਰ ਹੈ। ਮੰਨਿਆ ਜਾਂਦਾ ਹੈ ਕਿ ਵੱਖ-ਵੱਖ ਮੰਤਰਾਲੇ ਇਸ ਗਸ਼ਤੀ ਪੱਤਰ ਮੁਤਾਬਕ ਅਹਿਮ ਫ਼ੈਸਲਾ ਕਰ ਸਕਦੇ ਹਨ। ਸ਼ਨਿਚਰਵਾਰ ਨੂੰ ਹੋਈ ਬੈਠਕ ਵਿਚ ਇਨ੍ਹਾਂ ਵਿਚੋਂ ਕਈ ਮੁੱਦਿਆਂ 'ਤੇ ਗੱਲਬਾਤ ਹੋਈ ਹੈ।