ਜੇਐੱਨਐੱਨ, ਨਵੀਂ ਦਿੱਲੀ : ਰਾਜਧਾਨੀ ਦੇ ਆਰਕੇ ਪੁਰਮ ਥਾਣਾ ਪੁਲਿਸ ਨੇ ਕਸ਼ਮੀਰੀ ਪੰਡਤਾਂ ਨੂੰ ਦੁਬਾਰਾ ਕਸ਼ਮੀਰ 'ਚ ਵਸਾਉਣ ਤੇ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਉਣ ਦੀ ਮੰਗ ਨੂੰ ਲੈ ਕੇ ਲੰਬੇ ਸਮੇਂ ਤਕ ਸੰਘਰਸ਼ ਕਰਨ ਵਾਲੇ ਐਕਟੀਵਿਸਟ ਸੁਸ਼ੀਲ ਪੰਡਤ ਦੀ ਹੱਤਿਆ ਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਨੇ ਵੈਂਕਟੇਸ਼ਵਰ ਮਾਰਗ ਤੋਂ ਕੰਟਰੈਕਟ ਕਿਲਰ ਤੇ ਸ਼ੂਟਰ ਲਖਨ ਰਾਜਪੂਤ ਤੇ ਸੁਖਵਿੰਦਰ ਸਿੰਘ ਨੂੰ ਗਿ੍ਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਪਾਕਿਸਤਾਨ 'ਚ ਬਣੀ ਪਿਸਤੌਲ ਦੇ ਨਾਲ ਹੀ ਸੁਸ਼ੀਲ ਪੰਡਤ ਦੀ ਤਸਵੀਰ ਵੀ ਬਰਾਮਦ ਕੀਤੀ ਹੈ। ਇਨ੍ਹਾਂ ਦੋਵਾਂ ਨੂੰ ਸੁਸ਼ੀਲ ਪੰਡਤ ਦੀ ਹੱਤਿਆ ਲਈ 10-10 ਲੱਖ ਰੁਪਏ ਦੀ ਸੁਪਾਰੀ ਦਿੱਤੀ ਗਈ ਸੀ। ਪੁਲਿਸ ਨੇ ਦੋਵਾਂ ਕੋਲੋਂ ਚਾਰ ਪਿਸਤੌਲਾਂ, ਚਾਰ ਕਾਰਤੂਸ ਵੀ ਬਰਾਮਦ ਕੀਤੇ ਹਨ। ਇਸ ਮਾਮਲੇ 'ਚ ਵਿਦੇਸ਼ੀ ਹੱਥ ਹੋਣ ਕਾਰਨ ਜਾਂਚ ਦੀ ਜ਼ਿੰਮੇਵਾਰੀ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੂੰ ਸੌਂਪ ਦਿੱਤੀ ਗਈ ਹੈ। ਇਨ੍ਹਾਂ ਨੂੰ ਪਾਕਿਸਤਾਨ ਦੇ ਇਸ਼ਾਰੇ 'ਤੇ ਹੱਤਿਆ ਦੀ ਸੁਪਾਰੀ ਦਿੱਤੀ ਗਈ ਸੀ। ਦੱਖਣ-ਪੱਛਮ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਇੰਗਿਤ ਪ੍ਰਤਾਪ ਸਿੰਘ ਨੇ ਦੱਸਿਆ ਕਿ ਆਰਕੇ ਪੁਰਮ ਥਾਣਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋ ਲੋਕ ਦੱਖਣ ਦਿੱਲੀ 'ਚ ਕਿਰਾਏ 'ਤੇ ਮਕਾਨ ਲੈਣ ਲਈ ਘੁੰਮ ਰਹੇ ਹਨ। ਦੋਵਾਂ ਕੋਲ ਹਥਿਆਰ ਵੀ ਹਨ। ਪੁਲਿਸ ਟੀਮ ਨੇ ਵੈਂਕਟੇਸ਼ਵਰ ਮਾਰਗ 'ਤੇ ਦੋਵਾਂ ਨੂੰ ਦਬੋਚ ਲਿਆ। ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ ਅਸਲਾ ਬਰਾਮਦ ਹੋਇਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਬਰਾਮਦ ਪਿਸਤੌਲ ਮੇਡ ਇਨ ਪਾਕਿਸਤਾਨ ਹਨ।

ਜੇਲ੍ਹ 'ਚ ਬੰਦ ਗੈਂਗਸਟਰ ਪਿ੍ੰਸ ਨੇ ਦਿੱਤੀ ਸੁਪਾਰੀ

ਲਖਨ ਤੇ ਸੁਖਵਿੰਦਰ ਪੰਜਾਬ ਸਥਿਤ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੁਰਾ ਪਿੰਡ ਦੇ ਰਹਿਣ ਵਾਲੇ ਹਨ। ਦੋਵਾਂ ਨੂੰ ਸੁਸ਼ੀਲ ਪੰਡਤ ਦੀ ਹੱਤਿਆ ਦੀ ਸੁਪਾਰੀ ਪੰਜਾਬ ਦੀ ਜੇਲ੍ਹ 'ਚ ਬੰਦ ਗੈਂਗਸਟਰ ਪਿ੍ਰੰਸ ਉਰਫ਼ ਟੁੱਟੀ ਨੇ ਦਿੱਤੀ ਸੀ। ਪਿ੍ਰੰਸ ਨੇ ਹੀ ਉਨ੍ਹਾਂ ਲਈ ਹਥਿਆਰਾਂ ਦਾ ਪ੍ਰਬੰਧ ਕੀਤਾ ਸੀ ਤੇ ਸੁਸ਼ੀਲ ਪੰਡਤ ਦੀ ਫੋਟੋ ਦਿੱਤੀ ਸੀ। ਪੁਲਿਸ ਸੂਤਰਾਂ ਨੇ ਦੱਸਿਆ ਕਿ ਮੁਲਜ਼ਮ ਪਿ੍ਰੰਸ ਨਾਲ ਪਾਕਿਸਤਾਨ ਤੇ ਦੁਬਈ 'ਚ ਮੌਜੂਦ ਦੋ ਵਿਅਕਤੀ ਲਗਾਤਾਰ ਸੰਪਰਕ 'ਚ ਸਨ। ਦੋਵੇਂ ਸਿਗਨਲ ਐਪ ਜ਼ਰੀਏ ਗੱਲਬਾਤ ਕਰਦੇ ਸਨ। ਹੁਣ ਪਿ੍ਰੰਸ ਕੋਲੋਂ ਵੀ ਪੁੱਛਗਿੱਛ ਕੀਤੀ ਜਾਵੇਗੀ।

Posted By: Susheel Khanna