ਜੇਐੱਨਐੱਨ, ਨਵੀਂ ਦਿੱਲੀ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਘੇਰਾਬੰਦੀ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸੂਬੇ ਦੀ ਸੱਤਾ ਦੀ ਕਪਤਾਨੀ ਖੋਹਣ ’ਚ ਸਭ ਤੋਂ ਫ਼ੈਸਲਾਕੁੰਨ ਭੂਮਿਕਾ ਕੁੱਝ ਸਮਾਂ ਪਹਿਲਾਂ ਤਕ ਉਨ੍ਹਾਂ ਦੇ ਹੀ ਸਲਾਹਕਾਰ ਰਹੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਹੈ। ਸਮਝਿਆ ਜਾ ਰਿਹਾ ਹੈ ਪੰਜਾਬ ਦੇ ਸਿਆਸੀ ਮਿਜਾਜ਼ ਦਾ ਅਨੁਮਾਨ ਕਰ ਕੇ ਪੀਕੇ ਦੀ ਟੀਮ ਨੇ ਪਿਛਲੇ ਕੁਝ ਸਮੇਂ ਦੌਰਾਨ ਤਿੰਨ ਵੱਖ-ਵੱਖ ਸਰਵੇ ਰਿਪੋਰਟਾਂ ਕਾਂਗਰਸ ਹਾਈਕਮਾਨ ਨੂੰ ਦਿੱਤੀਆਂ।

ਸਿੱਧੂ ਦੇ ਮੋਢੇ ਦੀ ਹੋਈ ਵਰਤੋਂ

ਇਨ੍ਹਾਂ ਰਿਪੋਰਟਾਂ ’ਚ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਕੈਪਟਨ ਦੇ ਚਿਹਰਾ ਰਹਿੰਦੇ ਪਾਰਟੀ ਨੂੰ ਮਿਲਣ ਵਾਲੀਆਂ ਚੁਣੌਤੀਆਂ ਦੇ ਮੱਦੇਨਜ਼ਰ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਸਿੱਧੂ ਦੇ ਜ਼ਰੀਏ ਕੈਪਟਨ ਖ਼ਿਲਾਫ਼ ਵਿਰੋਧ ਨੂੰ ਉਸ ਮੁਕਾਤ ਤਕ ਪਹੁੰਚਾ ਦਿੱਤਾ, ਜਿੱਥੇ ਅਮਰਿੰਦਰ ਨੂੰ ਅਸਤੀਫ਼ਾ ਦੇਣ ਲਈ ਮਜ਼ਬੂਰ ਹੋਣਾ ਪਿਆ।

ਕੈਪਟਨ ਖ਼ਿਲਾਫ਼ ਨਾਰਾਜ਼ਗੀ

ਸੂਤਰਾਂ ਅਨੁਸਾਰ, ਕਾਂਗਰਸ ਹਾਈਕਮਾਨ ਨੇ ਪਿਛਲੇ ਕੁਝ ਮਹੀਨਿਆਂ ਦੌਰਾਨ ਵੱਖ-ਵੱਖ ਸਮੇਂ ਦੌਰਾਨ ਕੈਪਟਨ ਸਰਕਾਰ ਦੇ ਪ੍ਰਦਰਸ਼ਨ ਨੂੰ ਲੈ ਕੇ ਪਾਰਟੀ ਦੀਆਂ ਚੁਣਾਵੀ ਸੰਭਾਵਨਾਵਾਂ ਦਾ ਮੁਲਾਂਕਣ ਕਰਵਾਇਆ। ਪੰਜਾਬ ਕਾਂਗਰਸ ਦੀ ਉਥਲਪੁਥਲ ਦੇ ਦੂਜੇ ਗੇੜ ’ਚ ਸਿੱਧੂ ਦੇ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਵੀ ਇਕ ਸਰਵੇ ਹੋਇਆ ਅਤੇ ਇਸ ’ਚ ਵੀ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਨੇ ਇਹੀ ਰਿਪੋਰਟ ਦਿੱਤੀ ਕਿ ਕੈਪਟਨ ਦੇ ਖ਼ਿਲਾਫ਼ ਇਕ ਵੱਡੇ ਵਰਗ ’ਚ ਜ਼ਮੀਨੀ ਪੱਧਰ ’ਤੇ ਨਾਰਾਜ਼ਗੀ ਹੈ।

ਇਹ ਦੱਸਿਆ ਗਿਆ ਕਾਰਨ

ਸਰਵੇ ਰਿਪੋਰਟ ’ਚ ਕੈਪਟਨ ਦੇ ਰਾਜਸੀ ਅੰਦਾਜ਼ ਕਾਰਨ ਲੋਕਾਂ ਤੋਂ ਬਣੀ ਦੂਰੀ ਨੂੰ ਵੀ ਇਕ ਕਾਰਨ ਦੱਸਿਆ ਗਿਆ ਹੈ। ਨਾਲ ਹੀ ਸਰਵੇ ਦਾ ਇਹ ਅਨੁਮਾਨ ਵੀ ਸੀ ਕਿ ਅਮਰਿੰਦਰ ਨੂੰ ਹਟਾ ਕੇ ਕਿਸੇ ਨਵੇਂ ਵਿਅਕਤੀ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਅਗਲੀਆਂ ਚੋਣਾਂ ’ਚ ਇਸ ਨਾਰਾਜ਼ਗੀ ਨੂੰ ਰੋਕ ਸਕਦੀ ਹੈ।

ਪ੍ਰਸ਼ਾਂਤ ਕਿਸ਼ੋਰ ਨਾਲ ਮੰਥਨ

ਸਮਝਿਆ ਜਾਂਦਾ ਹੈ ਕਿ ਇਨ੍ਹਾਂ ਰਿਪੋਰਟਾਂ ਤੋਂ ਬਾਅਦ ਰਾਹੁਲ ਗਾਂਧੀ ਨੇ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਬੈਠਕ ਕਰ ਕੇ ਇਸ ’ਤੇ ਵਿਸਥਾਰਿਤ ਚਰਚਾ ਕੀਤੀ ਅਤੇ ਇਸ ਦੌਰਾਨ ਪ੍ਰਿਅੰਕਾ ਵੀ ਮੌਜੂਦ ਸੀ। ਇਸ ਤੋਂ ਬਾਅਦ ਰਾਹੁਲ ਅਤੇ ਪ੍ਰਿਅੰਕਾ ਨੇ ਕੈਪਟਨ ਦੀ ਵਿਦਾਈ ਦਾ ਇਰਾਦਾ ਤੈਅ ਕਰ ਲਿਆ ਅਤੇ ਇਸ ਲਿਹਾਜ਼ ਨਾਲ ਪੀਕੇ ਦੀ ਜ਼ਮੀਨੀ ਹਾਲਾਤ ਦੀ ਸਰਵੇ ਰਿਪੋਰਟ ਨੇ ਕੈਪਟਨ ਦੀ ਮੁੱਖ ਮੰਤਰੀ ਦੇ ਰੂਪ ’ਚ ਪਾਰੀ ਖਤਮ ਕਰਨ ਦੀ ਪਿੱਚ ਤਿਆਰ ਕਰ ਦਿੱਤੀ।

ਸਿਆਸੀ ਘੇਰਾਬੰਦੀ ਦੀ ਤਿਆਰ ਕੀਤੀ ਫੀਲਡਿੰਗ

ਕੈਪਟਨ ਵਿਰੋਧੀ ਸਿਆਸੀ ਨੂੰ ਅੱਞੇ ਵਧਾ ਰਹੇ ਸਿੱਧੂ ਨੇ ਵੀ ਲੀਡਰਸ਼ਿਪ ਤੋਂ ਮਿਲੇ ਇਸ਼ਾਰਿਆਂ ਦੇ ਮੱਦੇਨਜਰ ਵਿਧਾਇਕਾਂ ਨੂੰ ਕੈਪਟਨ ਖ਼ਿਲਾਫ਼ ਤਿਆਰ ਕਰਨ ਅਤੇ ਦਸਤਖ਼ਤ ਮੁਹਿੰਮ ਚਲਾਉਣ ਦਾ ਮੋਰਚਾ ਸੰਭਾਲਿਆ। ਸਿੱਧੂ ਨੇ ਵਿਧਾਇਕਾਂ ਨੂੰ ਇਕੱਠਾ ਕਰਨ ਲਈ ਸਿਆਸੀ ਘੇਰਾਬੰਦੀ ਦੀ ਅਜਿਹੀ ਫੀਲਡਿੰਗ ਤਿਆਰ ਕੀਤੀ ਕਿ ਕੈਪਟਨ ਨੇ ਖ਼ੁਦ ਹੀ ਅਸਤੀਫ਼ਾ ਦੇ ਦਿੱਤਾ।

ਕੈਪਟਨ ਦੀ ਚੋਣ ਰਣਨੀਤੀ ’ਚ ਰਹੇ ਸ਼ਾਮਲ

ਦਿਲਚਸਪ ਇਹ ਹੈ ਕਿ ਪਿਛਲੀਆ ਵਿਧਾਨ ਸਭਾ ਚੋਣਾਂ ’ਚ ਪ੍ਰਸ਼ਾਂਤ ਕਿਸ਼ੋਰ ਨੇ ਹੀ ਕੈਪਟਨ ਦੀ ਚੋਣ ਰਣਨੀਤੀ ਦਾ ਸੰਚਾਲਨ ਕੀਤਾ ਸੀ ਅਤੇ ਕਾਂਗਰਸ ਦੀ ਜਿੱਤ ’ਚ ਉਨ੍ਹਾਂ ਦੀ ਵੱਡੀ ਭੂਮਿਕਾ ਰਹੀ ਸੀ। ਇਸ ਤੋਂ ਬਅਦ ਹੀ ਕੈਪਟਨ ਪੀਕੇ ਨੂੰ ਆਪਣਾ ਦੋਸਤ ਵਾਂਗ ਮੰਨਣ ਲੱਗਿਆ ਸੀ ਅਤੇ ਦੋਵਾਂ ਵਿਚਕਾਰ ਕਾਫ਼ੀ ਮਧੁਰ ਰਿਸ਼ਤੇ ਵੀ ਸਨ। ਪ੍ਰਸ਼ਾਂਤ ਕਿਸ਼ੋਰ ਨੂੰ ਕੈਬਨਿਟ ਰੈਂਕ ਦੇ ਕੇ ਕੈਪਟਨ ਨੇ ਆਪਣਾ ਸਲਾਹਕਾਰ ਵੀ ਨਿਯੁਕਤ ਕੀਤਾ। ਹਾਲਾਂਕਿ ਕਾਂਗਰਸ ’ਚ ਸ਼ਾਮਲ ਹੋਣ ਦੀਆਂ ਸ਼ੁਰੁ ਹੋਈਆਂ ਚਰਚਾਵਾਂ ਅਤੇ ਕੈਪਟਨ ਖ਼ਿਲਾਫ਼ ਸਿੱਧੂ ਦੇ ਸਿਆਸੀ ਅਭਿਆਨ ਵਿਚਕਾਰ ਕੁਝ ਸਮਾਂ ਪਹਿਲਾਂ ਹੀ ਪੀਕੇ ਨੇ ਸਲਾਹਕਾਰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

Posted By: Jagjit Singh