ਜਾਸ, ਜੈਪੁਰ : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ’ਤੇ ਜ਼ੋਰਦਾਰ ਹਮਲਾ ਕੀਤਾ ਹੈ। ਉਨ੍ਹਾਂ ਨੇ ਸਾਫ਼ ਕਿਹਾ ਹੈ ਕਿ ਉਹ ਸਚਿਨ ਪਾਇਲਟ ਨੂੰ ਕਿਸੇ ਵੀ ਹਾਲਤ ’ਚ ਮੁੱਖ ਮੰਤਰੀ ਨਹੀਂ ਬਣਨ ਦੇਣਗੇ। ਪਾਰਟੀ ਹਾਈ ਕਮਾਨ ਤੈਅ ਕਰ ਲਵੇ ਕਿ ਮੈਨੂੰ ਰੱਖਣਾ ਹੈ ਜਾਂ ਕਿਸੇ ਹੋਰ ਨੂੰ ਸੀਐੱਮ ਬਣਾਉਣਾ ਹੈ। ਪਾਇਲਟ ਨੇ ਕਾਂਗਰਸ ਦਾ ਸੂਬਾ ਪ੍ਰਧਾਨ ਮੰਤਰੀ ਰਹਿੰਦਿਆਂ ਗੱਦਾਰੀ ਕੀਤੀ ਸੀ। ਸਰਕਾਰ ਡੇਗਣ ਦੀ ਕੋਸ਼ਿਸ਼ ਕੀਤੀ ਸੀ। ਵਿਧਾਇਕ ਉਨ੍ਹਾਂ ਦਾ ਨਾਂ ਸੁਣਨਾ ਪਸੰਦ ਨਹੀਂ ਕਰਦੇ। ਜਿਨ੍ਹਾਂ ਕੋਲ 10 ਵਿਧਾਇਕ ਨਾ ਹੋਣ, ਉਨ੍ਹਾਂ ਨੂੰ ਕੋਈ ਸੀਐੱਮ ਕਿਵੇਂ ਬਣਾ ਸਕਦਾ ਹੈ। ਗਹਿਲੋਤ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਜਿਨ੍ਹਾਂ ਨੇ ਭਾਜਪਾ ਨਾਲ ਮਿਲ ਕੇ ਪਾਰਟੀ ਨਾਲ ਗੱਦਾਰੀ ਕੀਤੀ, ਜਿਨ੍ਹਾਂ ਨੂੰ ਗੱਦਾਰ ਨਾਂ ਦਿੱਤਾ ਗਿਆ, ਜਿਨ੍ਹਾਂ ਕਾਰਨ ਅਸੀਂ 34 ਦਿਨ ਤੱਕ ਹੋਟਲਾਂ ’ਚ ਬੈਠੇ ਰਹੇ, ਉਨ੍ਹਾਂ ਨੂੰ ਵਿਧਾਇਕ ਕਿਵੇਂ ਮਨਜ਼ੂਰ ਕਰ ਸਕਦੇ ਹਨ। ਇਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਧਰਮਿੰਦਰ ਪ੍ਰਧਾਨ ਨਾਲ ਮਿਲ ਕੇ ਸਰਕਾਰ ਡੇਗ ਰਹੇ ਸਨ। ਇਨ੍ਹਾਂ ਨੇ ਭਾਜਪਾ ਨੇਤਾਵਾਂ ਤੋਂ 10-10 ਕਰੋੜ ਰੁਪਏ ਲਏ ਸਨ।

ਪਾਇਲਟ ਦੀ ਗੱਦਾਰੀ ਮੈਂ ਖ਼ੁਦ ਭੁਗਤੀ ਹੈ। 102 ’ਚੋਂ ਕਿਸੇ ਵੀ ਵਿਧਾਇਕ ਨੂੰ ਸੀਐੱਮ ਬਣਾ ਦਿਓ, ਪਰ ਪਾਇਲਟ ਮਨਜ਼ੂਰੀ ਨਹੀਂ ਕਰਾਂਗੇ। ਓਧਰ ਪਾਇਲਟ ਨੇ ਵੀਰਵਾਰ ਨੂੰ ਮੱਧ ਪ੍ਰਦੇਸ਼ ਦੇ ਬੁਹਰਾਨਪੁਰ ’ਚ ਰਾਹੁਲ ਗਾਂਧੀ ਤੇ ਪਿ੍ਰਅੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਕੀਤੀ। ਪਾਇਲਟ ਨੇ ਗਹਿਲੋਤ ਦੇ ਬਿਆਨ ’ਤੇ ਅਜੇ ਕੋਈ ਟਿੱਪਣੀ ਨਹੀਂ ਕੀਤੀ।

ਭਾਜਪਾ ਨੇ ਸੀਐੱਮ ਦੇ ਦੋਸ਼ ਖ਼ਾਰਜ ਕੀਤੇ

ਭਾਜਪਾ ਦੇ ਸੂਬਾ ਪ੍ਰਧਾਨ ਸਤੀਸ਼ ਪੂਨੀਅ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਗਹਿਲੋਤ ਨੇ ਆਪਸੀ ਝਗੜੇ ਢੱਕਣ ਲਈ ਕੁਤਰਕ ਦਾ ਸਹਾਰਾ ਲਿਆ ਹੈ। ਇਸ ’ਚ ਕੋਈ ਦਮ ਨਹੀਂ ਹੈ। ਗਹਿਲੋਤ ਦੋਸ਼ ਲਗਾਉਣ ਦੇ ਆਦੀ ਹਨ।

Posted By: Jaswinder Duhra