ਨਵੀਂ ਦਿੱਲੀ, ਜੇਐੱਨਐੱਨ : ਮਲਟੀਨੈਸ਼ਨਲ ਕੰਪਨੀ ਨੈਸਲੇ ਦੀਆਂਂ ਮੁਸ਼ਕਲਾਂ ਇਕ ਵਾਰ ਫਿਰ ਵਧ ਗਈਆਂਂ ਹਨ। ਇਸ ਵਾਰ ਚਾਕਲੇਟ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਦਰਅਸਲ ਨੇਸਲੇ ਨੇ ਚਾਕਲੇਟ ਦੇ ਰੈਪਰ ’ਤੇ ਭਗਵਾਨ ਜਗਨਨਾਥ ਜੀ, ਭਗਵਾਨ ਬਲਭਦਰ ਤੇ ਮਾਤਾ ਸੁਭਦਰਾ ਜੀ ਦੀ ਤਸਵੀਰ ਲਗਾਈ ਸੀ। ਇਸ ਦੇ ਪਿੱਛੇ ਦਾ ਕਾਰਨ ਕੰਪਨੀ ਨੇ ਦੱਸਿਆ ਕਿ ਉਨ੍ਹਾਂ ਦੇ ਟਰੈਵਲ ਬ੍ਰੇਕ ਪੈਕ ਦਾ ਮਕਸਦ ਇਨ੍ਹਾਂ ਸਥਾਨਾਂ ਦੀ ਖ਼ੂਬਸੂਰਤੀ ਦਾ ਜਸ਼ਨ ਮਨਾਉਣਾ ਸੀ। ਅਜਿਹੇ ’ਚ ਉਨ੍ਹਾਂ ਨੇ ਇਸ ਪੈਕ ’ਚ ਓਡੀਸ਼ਾ ਦੀ ਸੰਸਕ੍ਰਿਤੀ ਦਾ ਜਸ਼ਨ ਮਨਾਇਆ। ਇਸ ਦੇ ਲਈ ਪੈਕ ’ਤੇ ਵਿਲੱਖਣ ਕਲਾ Pattachitra ਨੂੰ ਦਰਸਾਉਂਦਾ ਇਕ ਡਿਜ਼ਾਈਨ ਵਰਤਿਆ ਸੀ।

ਦਰਅਸਲ ਕੰਪਨੀ ਵੱਲੋਂ ਕਿਟਕੈਟ ਚਾਕਲੇਟ ਦੇ ਪੈਕ ’ਤੇ ਭਗਵਾਨ ਜਗਨਨਾਥ ਜੀ, ਭਗਵਾਨ ਬਲਭੱਦਰ ਤੇ ਮਾਤਾ ਸੁਭਦਰਾ ਜੀ ਦੀ ਤਸਵੀਰ ਲਗਾਈ ਗਈ ਸੀ, ਜਿਸ ਦੀ ਸੋਸ਼ਲ ਮੀਡੀਆ ’ਤੇ ਕਾਫ਼ੀ ਆਲੋਚਨਾ ਹੋਈ ਸੀ। ਯੂਜ਼ਰਸ ਨੇ ਦੱਸਿਆ ਕਿ ਚਾਕਲੇਟ ਖਾਣ ਤੋਂ ਬਾਅਦ ਲੋਕ ਰੈਪਰ ਨੂੰ ਇਧਰ-ਉਧਰ ਜਾਂ ਡਸਟਬਿਨ ’ਚ ਸੁੱਟ ਦਿੰਦੇ ਹਨ। ਅਜਿਹੇ ’ਚ ਰੈਪਰ ’ਤੇ ਭਗਵਾਨ ਦੀ ਫੋਟੋ ਲਗਾਉਣਾ ਉਸ ਦਾ ਅਪਮਾਨ ਹੈ।

ਮਾਮਲਾ ਵਧਣ ਤੋਂ ਬਾਅਦ ਹੁਣ ਨੈਸਲੇ ਕੰਪਨੀ ਨੇ ਇਸ ਪੂਰੀ ਘਟਨਾ ਲਈ ਮਾਫ਼ੀ ਮੰਗੀ ਹੈ। ਕੰਪਨੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਇਸ ਦੇ ਨਾਲ ਹੀ ਕੰਪਨੀ ਨੇ ਅਜਿਹੇ ਸਾਰੇ ਉਤਪਾਦਨਾਂ ਨੂੰ ਬਾਜ਼ਾਰ ਤੋਂ ਵਾਪਸ ਮੰਗਵਾਉਣ ਦਾ ਐਲਾਨ ਵੀ ਕੀਤਾ ਹੈ। ਜਲਦੀ ਹੀ ਬਾਕੀ ਸਾਰੇ ਉਤਪਾਦਨਾਂ ਨੂੰ ਬਾਜ਼ਾਰ ਤੋਂ ਹਟਾ ਦਿੱਤਾ ਜਾਵੇਗਾ।

Posted By: Sarabjeet Kaur