ਜੇਐੱਨਐੱਨ, ਸ਼ਿਮਲਾ : ਇੰਦਰਾ ਗਾਂਧੀ ਮੈਡੀਕਲ ਕਾਲਜ ਤੇ ਹਸਪਤਾਲ (IGMC) ਸ਼ਿਮਲਾ 'ਚ ਕੋਰੋਨਾ ਪੌਜ਼ਿਟਿਵ ਤਿੰਨ ਮਰੀਜ਼ ਪੂਰੀ ਤਰ੍ਹਾਂ ਸਿਹਤਮੰਦ ਦਿਸ ਰਹੇ ਹਨ। ਇਨਫੈਕਸ਼ਨ ਹੋਣ ਦੇ ਬਾਵਜੂਦ ਇਨ੍ਹਾਂ 'ਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਹੈ। ਆਈਜੀਐੱਮਸੀ ਦੇ ਐੱਮਐੱਸ ਡਾ. ਜਨਕਰਾਜ ਨੇ ਦੱਸਿਆ ਕਿ ਇਨ੍ਹਾਂ ਦੀ ਨਿਗਰਾਨੀ ਕਰ ਰਹੀ ਡਾਕਟਰਾਂ ਦੀ ਟੀਮ ਮੁਤਾਬਕ ਕਰੀਬ 50 ਫ਼ੀਸਦੀ ਲੋਕਾਂ 'ਚ ਕੋਰੋਨਾ ਦੇ ਲੱਛਣ ਪਹਿਲਾਂ ਦਿਖਾਈ ਨਹੀਂ ਦਿੰਦੇ। ਅਜਿਹੇ 'ਚ ਹਸਪਤਾਲ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜ਼ਿਆਦਾ ਚੌਕਸੀ ਵਰਤੋ।

ਅਜਿਹੇ ਹਾਲਾਤ 'ਚ ਸਰੀਰਕ ਦੂਰੀ ਦੀ ਸਖਤੀ ਨਾਲ ਪਾਲਣਾ ਕਰਨੀ ਲਾਜ਼ਮੀ ਹੈ। ਹੋ ਸਕਦਾ ਹੈ, ਜਿਸ ਨੂੰ ਤੁਸੀਂ ਸਿਹਤਮੰਦ ਸਮਝ ਰਹੇ ਹੋ, ਉਹ ਕੋਰੋਨਾ ਪੌਜ਼ਿਟਿਵ ਹੋਣ। ਹਾਲਾਂਕਿ ਕੁਝ ਲੋਕਾਂ ਨੂੰ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਹੋਣ 'ਤੇ ਬੁਖਾਰ, ਖੰਘ, ਇਕ ਹਫ਼ਤੇ ਬਾਅਦ ਸਾਹ ਲੈਣ 'ਚ ਪਰੇਸ਼ਾਨੀ, ਸਿਰਦਰਦ, ਮਾਸ ਪੇਸ਼ੀਆਂ 'ਚ ਦਰਦ ਤੇ ਥਕਾਵਟ ਮਹਿਸੂਸ ਹੁੰਦੀ ਹੈ।

ਡਾਕਟਰਾਂ ਮੁਤਾਬਕ ਕੋਰੋਨਾ ਦੇ ਲੱਛਣ ਨਾ ਦਿਸਣ ਦਾ ਕਾਰਨ ਇਨ੍ਹਾਂ ਲੋਕਾਂ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਬਿਹਤਰ ਹੋਣਾ ਹੋ ਸਕਦਾ ਹੈ। ਹਸਪਤਾਲ ਦੇ ਐੱਮਐੱਸ ਡਾ. ਜਨਕਰਾਜ ਨੇ ਦੱਸਿਆ ਕਿ ਕੋਰੋਨਾ ਪੌਜ਼ਿਟਿਵ ਤਿੰਨ ਲੋਕਾਂ ਨੂੰ ਆਈਸੋਲੇਸ਼ਨ 'ਚ ਰੱਖਿਆ ਹੈ ਤਾਂ ਕਿ ਹੋਰ ਲੋਕਾਂ ਨੂੰ ਇਨਫੈਕਸ਼ਨ ਨਾ ਹੋਵੇ। ਪੰਜ ਦਿਨ ਬਾਅਦ ਦੁਬਾਰਾ ਸੈਂਪਲ ਲਏ ਜਾਣਗੇ। ਅਗਲੀ ਰਿਪੋਰਟ ਆਉਣ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਸਕਦੀ ਹੈ।

ਕੋਰੋਨਾ ਤੋਂ ਜਿੱਤਣ ਲਈ ਲੋਕਾਂ ਦੀ ਅਹਿਮ ਭੂਮਿਕਾ

ਕੋਰੋਨਾ ਦੀ ਇਸ ਲੜਾਈ 'ਚ ਆਮ ਲੋਕਾਂ ਦੀ ਵੱਡੀ ਭੂਮਿਕਾ ਹੈ। ਲੋਕਾਂ ਦਾ ਘਰਾਂ 'ਚ ਰਹਿਣਾ ਬੇਹੱਦ ਜ਼ਰੂਰੀ ਹੈ। ਜੇ ਲੋਕ ਲਾਪਰਵਾਹੀ ਵਰਤਦੇ ਹੋਏ ਘਰਾਂ 'ਚੋਂ ਬਾਹਰ ਨਿਕਲਦੇ ਰਹਿਣਗੇ ਤਾਂ ਇਸ ਵਾਇਰਸ ਦੇ ਫੈਲਣ ਦਾ ਖ਼ਦਸ਼ਾ ਵਧੇਗਾ। ਡਾ. ਜਨਕਰਾਜ ਨੇ ਕਿਹਾ ਕਿ ਇਹ ਵਾਇਰਸ ਚੱਲ ਕੇ ਤੁਹਾਡੇ ਘਰ ਨਹੀਂ ਆਵੇਗਾ, ਤੁਸੀਂ ਬਾਹਰ ਜਾਓਂਗੇ ਤਾਂ ਇਹ ਘਰ ਤਕ ਪੁੱਜ ਜਾਵੇਗਾ। ਇਸ ਤੋਂ ਬਚਣ ਲਈ ਵਾਰ-ਵਾਰ ਸਾਬਣ ਨਾਲ ਹੱਥ ਧੋਵੋ। ਠੰਢ ਜਾਂ ਫਲੂ ਤੋਂ ਇਨਫੈਕਟਿਡ ਲੋਕਾਂ ਕੋਲ ਨਾ ਜਾਵੋ। ਸੈਨੇਟਾਈਜ਼ਰ ਦੀ ਵਰਤੋ ਕਰੋ। ਅੱਖ, ਨੱਕ ਤੇ ਮੂੰਹ ਨੂੰ ਹੱਥ ਨਾ ਲਾਓ।