ਨਵੀਂ ਦਿੱਲੀ (ਏਐੱਨਆਈ) : ਕੁਵੈਤ 'ਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਦਾ ਨਿਰਦੇਸ਼ ਦੇਣ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਸੁਪਰੀਮ ਕੋਰਟ ਹੁਣ ਅਗਲੇ ਹਫ਼ਤੇ ਸੁਣਵਾਈ ਕਰੇਗਾ। ਜਸਟਿਸ ਅਸ਼ੋਕ ਭੂਸ਼ਣ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਅਗਲੇ ਹਫ਼ਤੇ ਤਕ ਸੁਣਵਾਈ ਟਾਲ਼ਦਿਆਂ ਕਿਹਾ ਕਿ ਮਾਮਲੇ 'ਚ ਪੇਸ਼ ਦਸਤਾਵੇਜ਼ ਰਿਕਾਰਡ 'ਤੇ ਨਹੀਂ ਹਨ। ਵਧੀਕ ਸਾਲਿਸਟਰ ਜਨਰਲ ਕੇਐੱਮ ਨਟਰਾਜ ਨੇ ਸੁਣਵਾਈ ਦੌਰਾਨ ਬੈਂਚ ਨੂੰ ਕਿਹਾ ਕਿ ਇਕ ਹਫ਼ਤੇ ਦੌਰਾਨ ਹੋਰ ਦਸਤਾਵੇਜ਼ ਪੇਸ਼ ਕਰ ਦਿੱਤੇ ਜਾਣਗੇ। ਇਨ੍ਹਾਂ 'ਚ ਕੁਵੈਤ 'ਚ ਫਸੇ ਲੋਕਾਂ ਦਾ ਵੇਰਵਾ ਹੋਵੇਗਾ। ਪਟੀਸ਼ਨ 'ਤੇ ਕਿਹਾ ਗਿਆ ਹੈ ਕਿ ਤਾਮਿਲਨਾਡੂ ਤੇ ਦੇਸ਼ ਦੇ ਹੋਰ ਹਿੱਸਿਆਂ ਦੇ ਕਾਮੇ ਕੋਰੋਨਾ ਮਹਾਮਾਰੀ ਦੌਰਾਨ ਕੁਵੈਤ 'ਚ ਕੁਆਰੰਟਾਈਨ ਕੈਂਪਾਂ ਤੇ ਹੋਰ ਥਾਵਾਂ 'ਤੇ ਫਸੇ ਹੋਏ ਹਨ। ਇਹ ਲੋਕ ਭਾਰਤ ਵਾਪਸ ਪਰਤਣ ਦੀ ਉਡੀਕ ਕਰ ਰਹੇ ਹਨ। ਮਹਾਮਾਰੀ ਬੇਮਿਆਦ ਤਕ ਜਾਰੀ ਰਹਿ ਸਕਦੀ ਹੈ। ਅਜਿਹੇ 'ਚ ਆਪਣੇ ਨਾਗਰਿਕਾਂ ਨੂੰ ਦੂਜੇ ਦੇਸ਼ 'ਚ ਅਣਮਨੁੱਖੀ ਹਾਲਾਤ 'ਚ ਨਹੀਂ ਛੱਡਿਆ ਜਾ ਸਕਦਾ। ਪਟੀਸ਼ਨ 'ਚ ਸਰਕਾਰ ਨੂੰ ਫਸੇ ਹੋਏ ਭਾਰਤੀਆਂ ਦੀ ਸੂਚੀ ਤੇ ਉਨ੍ਹਾਂ ਦੀ ਵਾਪਸੀ ਦਾ ਪ੍ਰੋਗਰਾਮ ਤਿਆਰ ਕਰਨ ਦੇ ਨਿਰਦੇਸ਼ ਦੇਣ ਦੀ ਵੀ ਮੰਗ ਕੀਤੀ ਗਈ ਹੈ।