ਜੇਐੱਨਐੱਨ, ਸੰਗਰੂਰ : ਭਗਵਾਨਪੁਰਾ ਪਿੰਡ 'ਚ ਬੋਰਵੈੱਲ 'ਚ ਡਿੱਗੇ ਦੋ ਸਾਲਾ ਫ਼ਤਹਿਵੀਰ ਸਿੰਘ ਨੂੰ ਕੱਢਣ ਲਈ ਛੇ ਦਿਨ ਤਕ ਚੱਲੇ ਬਚਾਅ ਆਪ੍ਰਰੇਸ਼ਨ ਦੌਰਾਨ ਸਰਕਾਰ ਅਤੇ ਪ੍ਰਸ਼ਾਸਨ ਦੀ ਭੂਮਿਕਾ ਤੋਂ ਨਾਖ਼ੁਸ਼ ਪਿੰਡ ਦੇ ਲੋਕਾਂ ਦਾ ਰੋਸ ਪ੍ਰਸ਼ਾਸਨ ਅਤੇ ਸਿਆਸੀ ਨੇਤਾਵਾਂ ਖ਼ਿਲਾਫ਼ ਦਿਨੋ-ਦਿਨ ਵੱਧ ਰਿਹਾ ਹੈ।

ਮੰਗਲਵਾਰ ਨੂੰ ਫ਼ਤਹਿਵੀਰ ਦੇ ਸਸਕਾਰ ਦੌਰਾਨ ਵੀ ਜਿੱਥੇ ਪਿੰਡ ਦੇ ਲੋਕਾਂ ਅਤੇ ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਸੀ, ਉੱਥੇ ਹੁਣ ਉਨ੍ਹਾਂ ਨੇ ਫ਼ਤਹਿਵੀਰ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਜਾਣ ਵਾਲੇ ਅੰਤਮ ਅਰਦਾਸ ਪ੍ਰਰੋਗਰਾਮ ਵਿਚ ਕਿਸੇ ਸਿਆਸੀ ਨੇਤਾ ਅਤੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਦਾਖ਼ਲ ਨਾ ਹੋਣ ਦੇਣ ਦਾ ਐਲਾਨ ਕੀਤਾ ਹੈ। ਪਿੰਡ ਦੇ ਲੋਕਾਂ ਨੇ ਰੋਸ ਵਜੋਂ ਸਖ਼ਤ ਚਿਤਾਵਨੀ ਭਰੇ ਸ਼ਬਦਾਂ ਵਿਚ ਬੁੱਧਵਾਰ ਨੂੰ ਕਿਹਾ ਕਿ ਜੇਕਰ ਕੋਈ ਨੇਤਾ ਅਤੇ ਅਧਿਕਾਰੀ ਅੰਤਮ ਅਰਦਾਸ ਦੌਰਾਨ ਪੁੱਜਾ ਤਾਂ ਉਸ ਨੂੰ ਪਿੰਡ ਦੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ, ਜਿਸ ਲਈ ਸਬੰਧਤ ਨੇਤਾ ਅਤੇ ਅਧਿਕਾਰੀ ਖ਼ੁਦ ਜ਼ਿੰਮੇਵਾਰ ਹੋਵੇਗਾ।

ਉਨ੍ਹਾਂ ਨੇ ਸਿਆਸੀ ਪਾਰਟੀਆਂ ਦੇ ਨੇਤਾਵਾਂ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਕਿਸੇ ਨੇ ਵੀ ਫ਼ਤਹਿਵੀਰ ਸਿੰਘ ਦੀ ਜਾਨ ਬਚਾਉਣ ਦੀ ਗੰਭੀਰ ਕੋਸ਼ਿਸ਼ ਨਹੀਂ ਕੀਤੀ ਬਲਕਿ ਇਕ ਤੋਂ ਬਾਅਦ ਇਕ ਨਾਕਾਮ ਕੋਸ਼ਿਸ਼ ਕਰ ਕੇ ਫ਼ਤਹਿਵੀਰ 'ਤੇ ਤਜਰਬਾ ਕਰਦੇ ਰਹੇ। ਉੱਥੇ ਸਿਆਸੀ ਨੇਤਾਵਾਂ ਨੇ ਸਿਰਫ਼ ਆਪਣੀਆਂ ਸਿਆਸੀ ਰੋਟੀਆਂ ਹੀ ਸੇਕੀਆਂ। ਸੂਬੇ ਤੋਂ ਲੈ ਕੇ ਕੇਂਦਰ ਤਕ ਕਿਸੇ ਨੇ ਫ਼ਤਹਿਵੀਰ ਸਿੰਘ ਨੂੰ ਬਚਾਉਣ ਲਈ ਸਖ਼ਤ ਕਦਮ ਨਹੀਂ ਚੁੱਕੇ।

ਪ੍ਰਸ਼ਾਸਨ ਨੇ ਆਪਣੀ ਇੱਜ਼ਤ ਬਚਾਉਣ ਅਤੇ ਸਰਕਾਰ ਨੇ ਆਪਣਾ ਨਾਂ ਚਮਕਾਉਣ ਲਈ ਗ਼ੈਰਜ਼ਿੰਮੇਵਾਰੀ ਵਾਲਾ ਰਵੱਈਆ ਅਪਣਾਉਂਦੇ ਹੋਏ ਇਸ ਬਚਾਅ ਆਪ੍ਰਰੇਸ਼ਨ ਦੌਰਾਨ ਲਾਪਰਵਾਹੀ ਵਰਤੀ, ਜਿਸ ਕਾਰਨ ਅੱਜ ਫ਼ਤਹਿਵੀਰ ਸਿੰਘ ਆਪਣੇ ਪਰਿਵਾਰ ਤੋਂ ਦੂਰ ਹੋ ਗਿਆ। ਸੱਤ ਸਾਲ ਬਾਅਦ ਜਿਸ ਪਰਿਵਾਰ ਨੂੰ ਬੱਚੇ ਦਾ ਸੁੱਖ ਪ੍ਰਰਾਪਤ ਹੋਇਆ ਸੀ, ਅੱਜ ਉਸ ਮਾਂ ਦੀ ਗੋਦ ਫ਼ਤਹਿਵੀਰ ਦੀ ਮੌਤ ਤੋਂ ਬਾਅਦ ਖ਼ਾਲੀ ਹੋ ਗਈ ਹੈ।

ਅੱਜ ਹੋਣਗੀਆਂ ਅਸਥੀਆਂ ਜਲ ਪ੍ਰਵਾਹ

ਫ਼ਤਹਿਵੀਰ ਸਿੰਘ ਦਾ ਮੰਗਲਵਾਰ ਦੁਪਹਿਰ ਨੂੰ ਸਸਕਾਰ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਵੀਰਵਾਰ ਨੂੰ ਫ਼ਤਹਿਵੀਰ ਸਿੰਘ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਵਿਖੇ ਜਲ-ਪ੍ਰਵਾਹ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਅੰਤਮ ਅਰਦਾਸ ਦਾ ਦਿਨ ਤੈਅ ਕੀਤਾ ਜਾਵੇਗਾ। ਇਹ ਜਾਣਕਾਰੀ ਭਗਵਾਨਪੁਰਾ ਦੇ ਸਰਪੰਚ ਪ੍ਰੇਮ ਸਿੰਘ ਨੇ ਦਿੱਤੀ ਹੈ।