ਸਟੇਟ ਬਿਊਰੋ, ਕੋਲਕਾਤਾ : ਪੈਗਾਸਸ ਮਾਮਲੇ ’ਚ ਬੰਗਾਲ ਸਰਕਾਰ ਵੱਲੋਂ ਗਠਿਤ ਜਾਂਚ ਕਮਿਸ਼ਨ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਤ੍ਰਿਣਮੂਲ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਤੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਬਿਆਨ ਦੇਣ ਲਈ ਨੋਟਿਸ ਜਾਰੀ ਕੀਤਾ ਹੈ। ਕੁਲ 31 ਲੋਕਾਂ ਨੂੰ ਬੰਗਾਲ ਦੇ ਕਮਿਸ਼ਨ ਸਾਹਮਣੇ ਪੇਸ਼ ਹੋਣ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਛੇਤੀ ਹੀ ਕੁਝ ਹੋਰ ਨੋਟਿਸ ਭੇਜੇ ਜਾਣ ਦੀ ਸੰਭਾਵਨਾ ਹੈ, ਕਿਉਂਕਿ ਅਖੌਤੀ ਤੌਰ ’ਤੇ ਜਾਸੂਸੀ ਦੇ ਸ਼ਿਕਾਰ ਕੁਝ ਹੋਰ ਲੋਕਾਂ ਦੇ ਪਤੇ ਟਿਕਾਣੇ ਦੀ ਹਾਲੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਬਿਆਨਾਂ ਦੀ ਰਿਕਾਰਡਿੰਗ 21 ਦਸੰਬਰ ਤਕ ਚੱਲੇਗੀ।

ਸੂਤਰਾਂ ਨੇ ਕਿਹਾ ਕਿ ਕਮਿਸ਼ਨ ਨੇ ਉਨ੍ਹਾਂ ਲੋਕਾਂ ਨੂੰ ਵੀ ਗਵਾਹੀ ਦੇਣ ਦੀ ਇਜਾਜ਼ਤ ਦਿੱਤੀ ਹੈ ਜੋ ਸਬੂਤ ਦੇ ਤੌਰ ’ਤੇ ਆਪਣੇ ਅਖੌਤੀ ‘ਇਨਫੈਕਟਿਡ’ ਉਪਕਰਨ ਜਮ੍ਹਾਂ ਕਰਵਾਉਂਦੇ ਹਨ। ਹੁਣ ਤਕ ਤਿੰਨ ਲੋਕਾਂ ਨੇ ਕਮਿਸ਼ਨ ਸਾਹਮਣੇ ਵਰਚੂਅਲੀ ਆਪਣੀ ਗਵਾਹੀ ਦਿੱਤੀ ਹੈ ਤੇ ਇਕ ਨਿੱਜੀ ਤੌਰ ’ਤੇ ਪੇਸ਼ ਹੋਏ ਹਨ।

ਜ਼ਿਕਰਯੋਗ ਹੈ ਕਿ 26 ਜੁਲਾਈ ਨੂੰ ਬੰਗਾਲ ਕਥਿਤ ਪੈਗਾਸਸ ਜਾਸੂਸੀ ਮਾਮਲੇ ਦੀ ਜਾਂਚ ਦਾ ਆਦੇਸ਼ ਦੇਣ ਵਾਲਾ ਪਹਿਲਾ ਸੂਬਾ ਬਣ ਗਿਆ ਹੈ। ਇਸ ਮੁੱਦੇ ’ਤੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਲਗਾਤਾਰ ਘੇਰਨ ਵਾਲੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਮਦਨ ਬੀ ਲੋਕੁਰ ਤੇ ਕਲਕੱਤਾ ਹਾਈ ਕੋਰਟ ਦੇ ਸੇਵਾਮੁਕਤ ਚੀਫ ਜਸਟਿਸ ਜਯੋਤਿਰਮਯ ਭੱਟਾਚਾਰੀਆ ਦੀ ਅਗਵਾਈ ’ਚ ਇਕ ਕਮਿਸ਼ਨ ਦੇ ਗਠਨ ਦਾ ਐਲਾਨ ਕੀਤਾ ਸੀ। ਦੱਸਣਯੋਗ ਹੈ ਕਿ ਪੈਗਾਸਸ ਮਾਮਲੇ ’ਚ ਘੱਟੋ ਘੱਟ 174 ਅਜਿਹੇ ਲੋਕਾਂ ਦੇ ਨਾਂ ਸਨ, ਜਿਨ੍ਹਾਂ ਦੀ ਅਖੌਤੀ ਤੌਰ ’ਤੇ ਜਾਸੂਸੀ ਕੀਤੀ ਗਈ ਸੀ। ਸੂਚੀ ’ਚ ਸਿਆਸਤਦਾਨ, ਜੱਜ, ਨੌਕਰਸ਼ਾਹ, ਪੱਤਰਕਾਰ, ਸਮਾਜਿਕ ਵਰਕਰ ਤੇ ਹੋਰ ਪ੍ਰਮੁੱਖ ਹਸਤੀਆਂ ਸ਼ਾਮਲ ਸਨ।

Posted By: Susheel Khanna