ਨਵੀਂ ਦਿੱਲੀ : ਅਮਰਨਾਥ ਯਾਤਰਾ 1 ਜੁਲਾਈ ਤੋਂ ਸ਼ੁਰੂ ਹੋ ਚੁੱਕੀ ਹੈ। ਅਮਰਨਾਥ ਯਾਤਰੀਆਂ ਨੂੰ ਅੱਤਵਾਦੀ ਹਮਲੇ ਤੋਂ ਬਚਾਉਣ ਲਈ ਇਸ ਵਾਰ ਜੰਮੂ-ਕਸ਼ਮੀਰ 'ਚ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਹੁਣ ਇਨ੍ਹਾਂ ਇੰਤਜ਼ਾਮਾਂ ਸਬੰਧੀ ਸਵਾਲ ਖੜ੍ਹੇ ਕੀਤੇ ਜਾਣ ਲੱਗੇ ਹਨ। ਜੰਮੂ ਕਸ਼ਮੀਰ 'ਚ ਪੀਡੀਪੀ ਨੇਤਾ ਮਹਿਬੂਬਾ ਮੁਫਤੀ ਨੇ ਇਕ ਵਾਰ ਫਿਰ ਵਿਵਾਦਤ ਬੋਲ ਬੋਲਦਿਆਂ ਅਮਰਨਾਥ ਯਾਤਰੀਆਂ ਦੀ ਸੁਰੱਖਿਆ ਇੰਤਜ਼ਾਮ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਮਹਿਬੂਬਾ ਨੇ ਕਿਹਾ, 'ਅਮਰਨਾਥ ਯਾਤਰਾ ਨੂੰ ਲੈ ਕੇ ਇਸ ਵਾਰ ਕੀਤੇ ਗਏ ਇੰਤਜ਼ਾਮ ਕਸ਼ਮੀਰੀਆਂ ਦੇ ਖ਼ਿਲਾਫ਼ ਹਨ।'

ਮਹਿਬੂਬਾ ਨੇ ਕਿਹਾ, 'ਹਰ ਸਾਲ ਅਮਰਨਾਥ ਯਾਤਰਾ ਕੀਤੀ ਜਾਂਦੀ ਹੈ ਪਰ ਬਦਕਿਮਸਤੀ ਨਾਲ ਇਸ ਵਾਰ ਜੋ ਇੰਤਜ਼ਾਮ ਕੀਤੇ ਗਏ ਹਨ, ਉਹ ਕਸ਼ਮੀਰੀਆਂ ਦੇ ਖ਼ਿਲਾਫ਼ ਹਨ। ਇਨ੍ਹਾਂ ਇੰਤਜ਼ਾਮਾਂ ਦੀ ਵਜ੍ਹਾ ਨਾਲ ਇੱਥੋਂ ਦੇ ਸਥਾਨਕ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਂ ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਉਹ ਇਸ ਮਾਮਲੇ 'ਚ ਦਖਲਅੰਦਾਜ਼ੀ ਕਰੇ।'

ਦੱਸ ਦੇਈਏ ਕਿ ਮਹਿਬੂਬਾ ਮੁਫਤੀ ਪਿਛਲੇ ਕੁਝ ਸਮੇਂ ਤੋਂ ਆਪਣੇ ਵਿਵਾਦਤ ਬਿਆਨਾਂ ਕਾਰਨ ਸੁਰਖੀਆਂ 'ਚ ਬਣੀ ਹੋਈ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਧਾਰਾ 370 ਤੇ 35ਏ ਨੂੰ ਲੈ ਕੇ ਵੀ ਉਨ੍ਹਾਂ ਕਈ ਵਾਰ ਵਿਵਾਦਤ ਬਿਆਨ ਦਿੱਤਾ ਸੀ।

Posted By: Amita Verma