ਜੇਐੱਨਐੱਨ, ਮੁੰਬਈ : ਸ਼ਿਵਸੈਨਾ ਨੇਤਾ ਸੰਜੇ ਰਾਉਤ ਤੇ ਸਾਬਕਾ ਮੁੱਖ ਮੰਤਰੀ ਦਵਿੰਦਰ ਫੜਨਵੀਸ ਦੀ ਸ਼ਨਿਚਰਵਾਰ ਨੂੰ ਹੋਈ ਮੁਲਾਕਾਤ ਨੇ ਮਹਾਰਾਸ਼ਟਰ 'ਚ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਐਤਵਾਰ ਨੂੰ ਐੱਨਸੀਪੀ ਤੇ ਕਾਂਗਰਸ ਦੇ ਨੇਤਾਵਾਂ ਨੇ ਮੁੱਖ ਮੰਤਰੀ ਊਧਵ ਠਾਕਰੇ ਨਾਲ ਮੁਲਾਕਾਤ ਕੀਤੀ।

ਐੱਨਸੀਪੀ ਦੇ ਰਾਸ਼ਟਰੀ ਪ੍ਰਧਾਨ ਸ਼ਰਦ ਪਵਾਰ ਨੇ ਦੁਪਹਿਰ ਬਾਅਦ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਵਰਸ਼ਾ 'ਚ ਊਧਵ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਸਵੇਰੇ ਸੂਬਾ ਕਾਂਗਰਸ ਪ੍ਰਧਾਨ ਬਾਲਾ ਸਾਹਬ ਥੋਰਾਟ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਹਾਲਾਂਕਿ ਇਨ੍ਹਾਂ ਨੇਤਾਵਾਂ ਵਿਚਕਾਰ ਹੋਈ ਗੱਲਬਾਤ ਦਾ ਵੇਰਵਾ ਪਤਾ ਨਹੀਂ ਚੱਲ ਸਕਿਆ, ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਚਰਚਾ ਦਾ ਇਕ ਪ੍ਰਮੁੱਖ ਨੁਕਤਾ ਰਾਉਤ ਤੇ ਫੜਨਵੀਸ ਦੀ ਮੁਲਾਕਾਤ ਵੀ ਰਹੀ ਹੋਵੇਗੀ।

ਇਸ ਦੌਰਾਨ, ਪੰਜ ਤਾਰਾ ਹੋਟਲ 'ਚ ਫੜਨਵੀਸ ਤੇ ਰਾਉਤ ਵਿਚਕਾਰ ਡੇਢ ਘੰਟੇ ਦੀ ਮੁਲਾਕਾਤ 'ਤੇ ਸ਼ਿਵਸੈਨਾ ਤੇ ਭਾਜਪਾ ਵੱਲੋਂ ਸਫ਼ਾਈ ਪੇਸ਼ ਕੀਤੀ ਜਾ ਰਹੀ ਹੈ। ਖ਼ੁਦ ਫ਼ੜਨਵੀਸ ਨੇ ਕਿਹਾ ਕਿ ਕੋਰੋਨਾ ਕਾਲ 'ਚ ਇਹ ਸਰਕਾਰ ਜਿਸ ਤਰ੍ਹਾਂ ਦੇ ਕੰਮ ਕਰ ਰਹੀ ਹੈ, ਉਸ ਬਾਰੇ ਲੋਕਾਂ 'ਚ ਬਹੁਤ ਗੁੱਸਾ ਹੈ।

ਅਸੀਂ ਇਕ ਮਜ਼ਬੂਤ ਵਿਰੋਧੀ ਧਿਰ ਦੇ ਰੂਪ 'ਚ ਕੰਮ ਕਰ ਰਹੇ ਹਾਂ। ਆਪਣੇ ਕਾਰਨਾਂ ਨਾਲ ਇਕ ਦਿਨ ਇਹ ਸਰਕਾਰ ਡਿੱਗੇਗੀ। ਜਿਸ ਦਿਨ ਇਹ ਸਰਕਾਰ ਡਿੱਗੇਗੀ, ਉਸ ਦਿਨ ਬਦਲਵੀਂ ਸਰਕਾਰ ਬਣਾਉਣ ਲਈ ਅਸੀਂ ਪਹਿਲ ਜ਼ਰੂਰ ਕਰਾਂਗੇ। ਪਰ ਸਾਨੂੰ ਸੱਤਾ 'ਚ ਆਉਣ ਦੀ ਕਾਹਲ ਨਹੀਂ। ਇਸ ਹਾਲਤ 'ਚ ਸਰਕਾਰ ਨਾਲ ਕੋਈ ਸਮਝੌਤਾ ਵੀ ਨਹੀਂ ਕਰਨ ਵਾਲੇ। ਫੜਨਵੀਸ ਮੁਤਾਬਕ ਹਾਲਾਤ ਕੁਝ ਅਜਿਹੇ ਹਨ ਕਿ ਮੁਲਾਕਾਤ ਦੇ ਵੱਖ-ਵੱਖ ਅਰਥ ਕੁਝ ਲੋਕ ਕੱਢ ਰਹੇ ਹਨ। ਮੈਂ ਜਾਣਦਾ ਹਾਂ ਕਿ ਇਸ ਮੁਲਾਕਾਤ ਦਾ ਸਮਾਂ ਗ਼ਲਤ ਹੈ। ਮੈਨੂੰ ਇਹ ਵੀ ਪਤਾ ਹੈ ਕਿ ਲੋਕਾਂ 'ਚ ਗੁੱਸਾ ਹੈ। ਪਰ ਇਹ ਗੁੱਸਾ ਕਿੰਨਾ ਵੱਧ ਹੈ, ਇਹ ਮੈਨੂੰ ਵੀ ਨਹੀਂ ਪਤਾ ਸੀ। ਪਰ ਇਸ 'ਚ ਕੋਈ ਸਿਆਸੀ ਮਾਅਨੇ ਨਹੀਂ ਹਨ।

ਦੂਜੇ ਪਾਸੇ ਸੰਜੇ ਰਾਉਤ ਨੇ ਫਿਰ ਦੁਹਰਾਇਆ ਕਿ ਫੜਨਵੀਸ ਨਾਲ ਸਾਡੇ ਸਿਆਸੀ ਮਤਭੇਦ ਹੋ ਸਕਦੇ ਹਨ। ਪਰ ਅਸੀਂ ਆਪਸ 'ਚ ਦੁਸ਼ਮਣ ਨਹੀਂ ਹਾਂ। ਸਾਡੀ ਮੁਲਾਕਾਤ ਸਿਰਫ਼ ਸਾਮਨਾ ਦੀ ਇੰਟਰਵਿਊ ਸਬੰਧੀ ਸੀ ਤੇ ਇਸ ਦੀ ਜਾਣਕਾਰੀ ਮੁੱਖ ਮੰਤਰੀ ਊਧਵ ਠਾਕਰੇ ਨੂੰ ਵੀ ਸੀ। ਰਾਉਤ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਦੇ ਰੂਪ 'ਚ ਊਧਵ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਕਰਨਗੇ।