ਸਟਾਫ ਰਿਪੋਰਟਰ, ਨਵੀਂ ਦਿੱਲੀ : ਕਾਨੂੰਨੀ ਦਾਅਪੇਚ ਵਿਚਾਲੇ ਤਿਹਾੜ ਜੇਲ੍ਹ ਪ੍ਰਸ਼ਾਸਨ ਨਿਰਭੈਆ ਦੇ ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾਉਣ ਦੀ ਤਿਆਰੀ ਨੂੰ ਅੰਤਮ ਰੂਪ ਦੇ ਰਿਹਾ ਹੈ। ਸੂਤਰ ਦੱਸਦੇ ਹਨ ਕਿ ਵੀਰਵਾਰ ਸ਼ਾਮ ਕਰੀਬ ਪੰਜ ਵਜੇ ਜੱਲਾਦ ਵੀ ਤਿਹਾੜ ਜੇਲ੍ਹ ਪਹੁੰਚ ਗਿਆ। ਜੇਲ੍ਹ ਹੈੱਡਕੁਆਰਟਰ 'ਚ ਅਧਿਕਾਰੀਆਂ ਨਾਲ ਮੁਲਾਕਾਤ ਤੋਂ ਬਾਅਦ ਉਹ ਜੇਲ੍ਹ ਨੰਬਰ ਤਿੰਨ ਗਿਆ ਤੇ ਅਧਿਕਾਰੀਆਂ ਨਾਲ ਫਾਂਸੀ ਘਰ ਨੂੰ ਦੇਖਿਆ। ਸ਼ਾਮ ਦਾ ਸਮਾਂ ਹੋਣ ਕਾਰਨ ਫਾਂਸੀ ਦਾ ਟਰਾਇਲ ਨਹੀਂ ਹੋ ਸਕਿਆ, ਜਿਹੜਾ ਸ਼ੁੱਕਰਵਾਰ ਨੂੰ ਹੋਵੇਗਾ।

ਜੇਲ੍ਹ ਸੂਤਰਾਂ ਦਾ ਕਹਿਣਾ ਹੈ ਕਿ ਪੂਰੇ ਦਿਨ ਚੱਲਣ ਵਾਲੇ ਇਸ ਟਰਾਇਲ 'ਚ ਜੇਲ੍ਹ ਅਧਿਕਾਰੀਆਂ ਦੇ ਇਲਾਵਾ ਲੋਕ ਨਿਰਮਾਣ ਵਿਭਾਗ, ਤਿਹਾੜ ਸੈਂਟਰਲ ਹਸਪਤਾਲ ਦੇ ਡਾਕਟਰ ਮੌਜੂਦ ਰਹਿਣਗੇ। ਬਕਸਰ ਤੋਂ ਮੰਗਵਾਈ ਗਈ ਰੱਸੀ ਨਾਲ ਫਾਹਾ ਤਿਆਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਦੋਸ਼ੀਆਂ ਦੀ ਸਿਹਤ ਰਿਪੋਰਟ ਦੇ ਆਧਾਰ 'ਤੇ ਫਾਹੇ ਦਾ ਆਕਾਰ ਤੇ ਲਟਕਾਉਣ ਦੀ ਲੰਬਾਈ ਤੈਅ ਹੋਵੇਗੀ। ਟਰਾਇਲ ਦੌਰਾਨ ਰੱਸੀ ਦੀ ਮਜ਼ਬੂਤੀ ਜਾਣਨ ਲਈ ਇਕ ਵਾਰੀ ਦੋਸ਼ੀਆਂ ਦੇ ਵਜ਼ਨ ਤੋਂ ਡੇਢ ਗੁਣਾ ਜ਼ਿਆਦਾ ਵਜ਼ਨ ਦੇ ਪੁਤਲੇ ਤਾਂ ਇਕ ਵਾਰੀ ਦੋਸ਼ੀਆਂ ਦੇ ਵਜ਼ਨ ਦੇ ਪੁਤਲਿਆਂ ਨੂੰ ਜੱਲਾਦ ਲਟਕਾਏਗਾ। ਕੋਈ ਗੜਬੜੀ ਸਾਹਮਣੇ ਆਉਣ 'ਤੇ ਤੱਤਕਾਲ ਦਰੁਸਤ ਕੀਤਾ ਜਾਵੇਗਾ। ਜੇਲ੍ਹ ਸੂਤਰਾਂ ਦਾ ਕਹਿਣਾ ਹੈ ਕਿ ਜੱਲਾਦ ਲਈ ਕੌਂਸਲਰ ਦੀ ਵੀ ਵਿਵਸਥਾ ਕੀਤੀ ਗਈ ਹੈ। ਸੰਭਾਵਨਾ ਹੈ ਕਿ ਟਰਾਇਲ 'ਚ ਸ਼ਾਮਲ ਲੋਕਾਂ ਨੂੰ ਫਾਂਸੀ ਦੇ ਬਾਅਦ ਕੁਝ ਦਿਨਾਂ ਦੀ ਛੁੱਟੀ ਦਿੱਤੀ ਜਾ ਸਕਦੀ ਹੈ ਤਾਂ ਜੋ ਉਹ ਫਾਂਸੀ ਦੇ ਦ੍ਰਿਸ਼ਾਂ ਤੋਂ ਉੱਭਰ ਸਕਣ।


ਜੱਲਾਦ ਦੀ ਸੁਰੱਖਿਆ ਬੇਹੱਦ ਅਹਿਮ

ਦੱਸਦੇ ਹਨ ਕਿ ਜੇਲ੍ਹ ਨੰਬਰ ਤਿੰਨ ਵਿਚ ਲਿਜਾਏ ਜਾਣ ਦੌਰਾਨ ਜੱਲਾਦ ਦੀ ਪਛਾਣ ਗੁਪਤ ਰੱਖੀ ਗਈ। ਉੱਥੇ ਤਾਇਨਾਤ ਮੁਲਾਜ਼ਮਾਂ ਨੂੰ ਵੀ ਨਹੀਂ ਦੱਸਿਆ ਗਿਆ। ਉਸ ਦੌਰਾਨ ਆਸਪਾਸ ਦੀਆਂ ਬੈਰਕਾਂ ਨੂੰ ਬੰਦ ਕਰ ਦਿੱਤਾ ਗਿਆ। ਜੇਲ੍ਹ ਦਾ ਦਰਵਾਜ਼ਾ ਅਧਿਕਾਰੀਆਂ ਦੇ ਆਦੇਸ਼ ਦੇ ਬਿਨਾ ਖੋਲ੍ਹਣ ਦੀ ਵੀ ਇਜਾਜ਼ਤ ਨਹੀਂ ਸੀ। ਉਸ ਨੁੰ ਕਿੱਥੇ ਰੱਖਿਆ ਗਿਆ ਹੈ, ਇਸ ਬਾਰੇ ਖਾਸ ਅਧਿਕਾਰੀਆਂ ਨੂੰ ਵੀ ਜਾਣਕਾਰੀ ਹੈ।


... ਤਾਂ ਅੱਜ ਦੀ ਮੁਲਾਕਾਤ ਹੋ ਸਕਦੀ ਹੈ ਆਖ਼ਰੀ

ਨਿਰਭੈਆ ਦੇ ਦੋਸ਼ੀਆਂ ਦੇ ਪਰਿਵਾਰਕ ਮੈਂਬਰਾਂ ਦੀ ਸ਼ੁੱਕਰਵਾਰ ਨੂੰ ਹੋਣ ਵਾਲੀ ਮੁਲਾਕਾਤ ਆਖਰੀ ਹੋ ਸਕਦੀ ਹੈ। ਜੇਲ੍ਹ ਸੂਤਰਾਂ ਮੁਤਾਬਕ ਸ਼ੁੱਕਰਵਾਰ ਨੂੰ ਸਾਰੇ ਦੋਸ਼ੀਆਂ ਨੂੰ ਮਿਲਣ ਉਨ੍ਹਾਂ ਦੇ ਪਰਿਵਾਰਕ ਮੈਂਬਰ ਆ ਰਹੇ ਹਨ। ਡੈੱਥ ਵਾਰੰਟ ਮੁਤਾਬਕ ਇਕ ਫਰਵਰੀ ਦੇ ਦਿਨ ਸਵੇਰੇ ਛੇ ਵਜੇ ਫਾਂਸੀ 'ਤੇ ਲਟਕਾਇਆ ਜਾਣਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮੁਲਾਕਾਤ ਹਾਲੇ ਸਾਧਾਰਨ ਮੁਲਾਕਾਤ ਵਾਂਗ ਹੀ ਕਰੀਬ ਅੱਧੇ ਘੰਟੇ ਦੀ ਹੋਵੇਗੀ, ਜਿਹੜੀ ਜੇਲ੍ਹ ਸੁਪਰਡੈਂਟ ਦੇ ਦਫਤਰ ਕੰਪਲੈਕਸ 'ਚ ਹੀ ਕਰਾਈ ਜਾਵੇਗੀ। ਜੇਲ੍ਹ ਸੂਤਰਾਂ ਮੁਤਾਬਕ, ਆਖਰੀ ਮੁਲਾਕਾਤ ਦੌਰਾਨ ਜੇਕਰ ਦੋਸ਼ੀ ਆਪਣੀ ਜਾਇਦਾਦ ਕਿਸੇ ਦੇ ਨਾਂ ਕਰਨ ਦੀ ਇੱਛਾ ਜਾਹਿਰ ਕਰਨਗੇ ਤਾਂ ਜੇਲ੍ਹ ਪ੍ਰਸ਼ਾਸਨ ਤੱਤਕਾਲ ਇਸਦਾ ਇੰਤਜ਼ਾਮ ਕਰੇਗਾ, ਹਾਲਾਂਕਿ ਹਾਲੇ ਤਕ ਕਿਸੇ ਦੋਸ਼ੀ ਨੇ ਜੇਲ੍ਹ ਪ੍ਰਸ਼ਾਸਨ ਨੂੰ ਇਸ ਬਾਰੇ ਕੁਝ ਨਹੀਂ ਕਿਹਾ।

Posted By: Amita Verma