ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਖ਼ਿਲਾਫ਼ ਲੜਾਈ 'ਚ ਕੇਂਦਰ ਤੇ ਸੂਬਿਆਂ ਵਿਚਾਲੇ ਬਿਹਤਰ ਤਾਲਮੇਲ ਦੇ ਹਾਂ-ਪੱਖੀ ਨਤੀਜੇ ਸਾਹਮਣੇ ਆ ਰਹੇ ਹਨ। ਸਿਹਤਮੰਦ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤੇ ਮੌਤ ਦੀ ਦਰ ਵੱਧ ਕੇ 63.02 ਹੋ ਗਈ ਹੈ ਤੇ ਸਭ ਤੋਂ ਚੰਗੀ ਗੱਲ ਇਹ ਹੈ ਕਿ 19 ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ 'ਚ ਇਹ ਦਰ ਇਸ ਤੋਂ ਵੀ ਜ਼ਿਆਦਾ ਹੈ। ਇਹ ਹੀ ਨਹੀਂ, 30 ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ 'ਚ ਕੋਰੋਨਾ ਨਾਲ ਮੌਤ ਦੀ ਦਰ ਕੌਮੀ ਔਸਤ 2.64 ਫ਼ੀਸਦੀ ਤੋਂ ਵੀ ਘੱਟ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਹੈ ਕਿ ਘਰ 'ਚ ਆਈਸੋਲੇਸ਼ਨ ਦੇ ਮਾਪਦੰਡਾਂ ਨਾਲ ਹੀ ਆਕਸੋਮੀਟਰ ਦੀ ਵਰਤੋਂ ਨਾਲ ਬਿਨਾਂ ਲੱਛਣ ਜਾਂ ਹਲਕੇ ਲੱਛਣ ਵਾਲੇ ਮਰੀਜ਼ਾਂ 'ਤੇ ਨਜ਼ਰ ਰੱਖਣ 'ਚ ਮਦਦ ਮਿਲੀ ਹੈ ਤੇ ਇਸ ਨਾਲ ਹਸਪਤਾਲਾਂ 'ਤੇ ਮਰੀਜ਼ਾਂ ਦਾ ਬੋਝ ਵੀ ਨਹੀਂ ਵਧਿਆ ਹੈ। ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਤੇ ਪਸਾਰ ਨੂੰ ਰੋਕਣ ਲਈ ਉਠਾਏ ਗਏ ਕਦਮ ਤੇ ਤਾਲਮੇਲ ਨਾਲ ਮਰੀਜ਼ਾਂ ਦੇ ਠੀਕ ਹੋਣ ਦੀ ਰਫ਼ਤਾਰ 'ਚ ਤੇਜ਼ੀ ਆਈ।

ਮੰਤਰਾਲੇ ਮੁਤਾਬਕ ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ ਸਭ ਤੋਂ ਜ਼ਿਆਦਾ ਲੱਦਾਖ (85.45 ਫ਼ੀਸਦੀ) ਹੈ। ਇਸ ਤੋਂ ਇਲਾਵਾ ਇਹ ਦਰ ਦਿੱਲੀ (79.98), ਉੱਤਰਾਖੰਡ (78.77), ਛੱਤੀਸਗੜ੍ਹ (77.68), ਹਿਮਾਚਲ ਪ੍ਰਦੇਸ਼ (76.59), ਹਰਿਆਣਾ (75.25), ਚੰਡੀਗੜ੍ਹ (74.6), ਰਾਜਸਥਾਨ (74.22), ਮੱਧ ਪ੍ਰਦੇਸ਼ (73.03) ਤੇ ਗੁਜਰਾਤ (69.73) ਹੈ।

ਮੰਤਰਾਲੇ ਵੱਲੋਂ ਸੋਮਵਾਰ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 18,850 ਮਰੀਜ਼ ਪੂਰੀ ਤਰ੍ਹਾਂ ਸਿਹਤਮੰਦ ਹੋ ਕੇ ਆਪਣੇ ਘਰ ਪਰਤੇ ਹਨ। ਇਨ੍ਹਾਂ ਨੂੰ ਰਲਾ ਕੇ ਹੁਣ ਤਕ 5,53,470 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਕੁਲ ਸਰਗਰਮ ਮਾਮਲੇ 3,01,609 ਹਨ। ਸਰਗਰਮ ਮਾਮਲਿਆਂ ਤੇ ਸਿਹਤਮੰਦ ਹੋਏ ਮਰੀਜ਼ਾਂ ਵਿਚਾਲੇ ਫ਼ਾਸਲਾ ਵੱਧ ਕੇ ਢਾਈ ਲੱਖ ਨੂੰ ਪਾਰ ਕਰ ਗਿਆ ਹੈ। ਸਰਗਰਮ ਮਾਮਲਿਆਂ ਨਾਲੋਂ ਸਿਹਤਮੰਦ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 2,51,861 ਜ਼ਿਆਦਾ ਹੋ ਗਈ ਹੈ। ਹਾਲਾਂਕਿ, ਇਸ ਦੌਰਾਨ ਰਿਕਾਰਡ 28,701 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ ਤੇ ਇਨਫੈਕਟਿਡਾਂ ਦੀ ਗਿਣਤੀ ਵੱਧ ਕੇ 8,78,254 ਹੋ ਗਈ ਹੈ। 500 ਲੋਕਾਂ ਦੀ ਮੌਤ ਨਾਲ ਮਿ੍ਤਕਾਂ ਦੀ ਗਿਣਤੀ ਵੱਧ ਕੇ 23,174 ਹੋ ਗਈ ਹੈ।

ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਤੋਂ ਪੀਟੀਆਈ ਤੇ ਹੋਰ ਸਰੋਤਾਂ ਤੋਂ ਰਾਤ 11 ਵਜੇ ਤਕ ਮਿਲੇ ਅੰਕੜਿਆਂ ਮੁਤਾਬਕ ਐਤਵਾਰ ਦੇਰ ਰਾਤ ਤੋਂ ਹੁਣ ਤਕ 26,289 ਨਵੇਂ ਮਾਮਲੇ ਮਿਲੇ ਹਨ, ਜੋ ਐਤਵਾਰ ਦੇ ਮੁਕਾਬਲੇ ਘੱਟ ਹੈ। ਇਨਫੈਕਟਿਡਾਂ ਦਾ ਅੰਕੜਾ ਨੌਂ ਲੱਖ ਨੂੰ ਪਾਰ ਕਰ ਕੇ 9,01,171 'ਤੇ ਪੁੱਜ ਗਿਾ ਹੈ। ਇਸ ਦੌਰਾਨ 15,914 ਲੋਕ ਸਿਹਤਮੰਦ ਹੋਏ ਹਨ ਤੇ ਹੁਣ ਤਕ ਠੀਕ ਹੋਏ ਮਰੀਜ਼ਾਂ ਦੀ ਗਿਣਤੀ 5,86,543 ਹੋ ਗਈ ਹੈ। ਹੁਣ ਤਕ ਇਸ ਮਹਾਮਾਰੀ ਨਾਲ 23,670 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਸੋਮਵਾਰ ਨੂੰ 521 ਲੋਕਾਂ ਦੀ ਜਾਨ ਗਈ, ਜਿਸ 'ਚ ਸਭ ਤੋਂ ਜ਼ਿਆਦਾ ਮਹਾਰਾਸ਼ਟਰ 'ਚ 193, ਕਰਨਾਟਕ 'ਚ 73, ਤਾਮਿਲਨਾਡੂ 'ਚ 66, ਆਂਧਰ ਪ੍ਰਦੇਸ਼ 'ਚ 37, ਉੱਤਰ ਪ੍ਰਦੇਸ਼ 'ਚ 21, ਗੁਜਰਾਤ 'ਚ 10, ਤੇਲੰਗਾਨਾ 'ਚ ਨੌਂ, ਓਡੀਸ਼ਾ 'ਚ ਛੇ, ਗੋਆ 'ਚ ਤਿੰਨ ਤੇ ਕੇਰਲ 'ਚ ਦੋ ਮੌਤਾਂ ਸ਼ਾਮਲ ਹਨ। ਸਿਹਤ ਮੰਤਰਾਲੇ ਤੇ ਹੋਰ ਸਰੋਤਾਂ ਤੋਂ ਮਿਲੇ ਅੰਕੜਿਆਂ 'ਚ ਫਰਕ ਦਾ ਕਾਰਨ ਸੂਬਿਆਂ ਤੋਂ ਕੇਂਦਰ ਨੂੰ ਅੰਕੜੇ ਮਿਲਣ 'ਚ ਦੇਰੀ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸਿੱਧਾ ਸੂਬਿਆਂ ਤੋਂ ਅੰਕੜੇ ਲੈ ਕੇ ਜਾਰੀ ਕਰਦੀਆਂ ਹਨ।

ਮਹਾਰਾਸ਼ਟਰ 'ਚ ਲਗਾਤਾਰ ਦੂਜੇ ਦਿਨ ਘੱਟ ਕੇਸ ਮਿਲੇ

ਮਹਾਰਾਸ਼ਟਰ 'ਚ ਲਗਾਤਾਰ ਦੂਜੇ ਦਿਨ ਨਵੇਂ ਮਾਮਲੇ ਘੱਟ ਮਿਲੇ। ਦੋ ਦਿਨ ਪਹਿਲਾਂ ਅੱਠ ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਮਿਲੇ ਸਨ। ਸੋਮਵਾਰ ਨੂੰ 6,497 ਨਵੇਂ ਮਾਮਲੇ ਸਾਹਮਣੇ ਆਏ ਤੇ ਮਰੀਜ਼ਾਂ ਦੀ ਗਿਣਤੀ 2,60,924 ਹੋ ਗਈ ਹੈ। ਹੁਣ ਤਕ 10,482 ਲੋਕਾਂ ਦੀ ਜਾਨ ਜਾ ਚੁੱਕੀ ਹੈ। 4,182 ਮਰੀਜ਼ ਸਿਹਤਮੰਦ ਹੋਏ ਹਨ। ਹੁਣ ਤਕ 1,44,507 ਮਰੀਜ਼ ਠੀਕ ਹੋ ਚੁੱਕੇ ਹਨ। ਸਰਗਰਮ ਮਰੀਜ਼ 1,05,935 ਹਨ। ਗੁਜਰਾਤ 'ਚ ਨਵੇਂ ਮਾਮਲੇ ਤਾਂ ਵੱਧ ਰਹੇ ਪਰ ਮਿ੍ਤਕਾਂ ਦੀ ਗਿਣਤੀ ਘੱਟ ਹੋ ਰਹੀ ਹੈ। ਸੂਬੇ 'ਚ 902 ਨਵੇਂ ਕੇਸ ਮਿਲੇ ਹਨ ਜੋ ਇਕ ਦਿਨ 'ਚ ਨਵੇਂ ਮਾਮਲਿਆਂ ਦੀ ਸਭ ਤੋਂ ਵੱਡੀ ਗਿਣਤੀ ਹੈ ਤੇ ਇਸ ਦੇ ਨਾਲ ਹੀ ਕੁਲ ਮਾਮਲੇ ਵੱਧ ਕੇ 42,808 ਹੋ ਗਏ ਹਨ। ਹੁਣ ਤਕ 2,057 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਤਾਮਿਲਨਾਡੂ ਸਮੇਤ ਦੱਖਣੀ ਭਾਰਤੀ 'ਚ ਵੱਧ ਰਹੇ ਹਨ ਮਾਮਲੇ

ਤਾਮਿਲਨਾਡੂ ਸਮੇਤ ਦੱਖਣੀ ਭਾਰਤ 'ਚ ਤੇਜ਼ੀ ਨਾਲ ਇਨਫੈਕਸ਼ਨ ਵੱਧ ਰਿਹਾ ਹੈ। ਤਾਮਿਲਨਾਡੂ 'ਚ 4,328, ਆਂਧਰ ਪ੍ਰਦੇਸ਼ 'ਚ 1,938 ਤੇ ਕੇਰਲਾ 'ਚ 449 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਨ੍ਹਾਂ ਸੂਬਿਆਂ 'ਚ ਕੁਲ ਮਾਮਲੇ ਵੱਧ ਕੇ ਕ੍ਰਮਵਾਰ 142,798, 19,247 ਤੇ 8,322 ਹੋ ਗਏ ਹਨ। ਤਾਮਿਲਨਾਡੂ 'ਚ ਹੁਣ ਤਕ 2,032, ਆਂਧਰ ਪ੍ਰਦੇਸ਼ 'ਚ 365 ਤੇ ਕੇਰਲਾ 'ਚ 33 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਕਰਨਾਟਕ 'ਚ 2,738 ਨਵੇਂ ਮਾਮਲਿਆਂ ਨਾਲ ਇਨਫੈਕਟਿਡਾਂ ਦਾ ਅੰਕੜਾ 41,581 'ਤੇ ਪੁੱਜ ਗਿਆ ਹੈ। 757 ਲੋਕਾਂ ਦੀ ਜਾਨ ਹੁਣ ਤਕ ਜਾ ਚੁੱਕੀ ਹੈ। ਤੇਲੰਗਾਨਾ 'ਚ 1,550 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਮਰੀਜ਼ਾਂ ਦੀ ਗਿਣਤੀ 36,221 ਹੋ ਗਈ ਹੈ। ਸੂਬੇ 'ਚ ਮਹਾਮਾਰੀ ਤੋਂ 365 ਲੋਕਾਂ ਦੀ ਮੌਤ ਵੀ ਹੋਈ ਹੈ।

ਉੱਤਰ ਪ੍ਰਦੇਸ਼ 'ਚ ਰਿਕਾਰਡ ਨਵੇਂ ਕੇਸ

ਉੱਤਰ ਪ੍ਰਦੇਸ਼ 'ਚ ਵੀ ਸੋਮਵਾਰ ਨੂੰ ਰਿਕਾਰਡ 1,654 ਨਵੇਂ ਮਾਮਲੇ ਸਾਹਮਣੇ ਆਏ ਤੇ ਮਰੀਜ਼ਾਂ ਦੀ ਗਿਣਤੀ ਵੱਧ ਕੇ 38,130 'ਤੇ ਪੁੱਜ ਗਈ। ਸੂਬੇ 'ਚ ਹੁਣ ਤਕ 955 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸੇ ਤਰ੍ਹਾਂ ਓਡੀਸ਼ਾ 'ਚ 616 ਨਵੇਂ ਕੇਸ ਮਿਲੇ ਹਨ ਤੇ ਕੁਲ ਮਾਮਲੇ 13,737 ਹੋ ਗਏ ਹਨ। ਇਸੇ ਤਰ੍ਹਾਂ ਬੰਗਾਲ 'ਚ ਹੁਣ ਤਕ 31,448, ਰਾਜਸਥਾਨ 'ਚ 24,936, ਮੱਧ ਪ੍ਰਦੇਸ਼ 'ਚ 17,632, ਹਰਿਆਣੇ 'ਚ 21,929, ਜੰਮੂ-ਕਸ਼ਮੀਰ 'ਚ 10,827, ਦਿੱਲੀ 'ਚ 1,13,740, ਬਿਹਾਰ 'ਚ 17,421 ਮਾਮਲੇ ਹੁਣ ਤਕ ਸਾਹਮਣੇ ਆ ਚੁੱਕੇ ਹਨ। ਅਰੁਨਾਚਲ ਪ੍ਰਦੇਸ਼ 'ਚ 19, ਨਾਗਾਲੈਂਡ 'ਚ 71 ਤੇ ਤਿ੍ਪੁਰਾ 'ਚ 105 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਸੂਬਿਆਂ 'ਚ ਹੁਣ ਤਕ ਕ੍ਰਮਵਾਰ 359, 845, ਤੇ 2,068 ਕੇਸ ਮਿਲ ਚੁੱਕੇ ਹਨ।