ਜੇਐਨਐਨ, ਪਾਨੀਪਤ : ਉਸ ਦਾ ਘਰ ਵਾਰ ਵਾਰ ਉਜੜ ਰਿਹਾ ਸੀ। ਇਕ ਵਾਰ ਨਹੀਂ, 16 ਵਾਰ ਉਜੜਿਆ। ਸਿਰ ਤੋਂ ਪਿਤਾ ਦਾ ਸਾਇਆ ਉੱਠ ਚੁੱਕਾ ਸੀ। ਪਰ ਉਸ ਦਾ ਸੁਪਨਾ ਕਦੇ ਨਹੀਂ ਨਹੀਂ ਟੁੱਟਿਆ। ਉਹ ਸੀ ਹਮੇਸ਼ਾ ਆਬਾਦ।...ਅਤੇ ਉਸ ਨੂੰ ਹਾਸਲ ਕਰਨ ਲਈ ਉਸ ਕੋਲ ਸੀ ਸਿੱਖਿਆ ਦਾ ਰਾਹ। ਪਾਨੀਪਤ ਦੇ ਮੁਸਲਿਮ ਪਰਿਵਾਰ ਦੀ ਬੇਟੀ ਰੂਬੀ ਆਖਰਕਾਰ ਜੱਜ ਬਣ ਹੀ ਗਈ। ਉਸ ਦੀ ਕਹਾਣੀ ਹੁਣ ਦੂਜਿਆਂ ਲਈ ਪ੍ਰੇਰਣਾਸ੍ਰੋਤ ਹੈ। ਪੜ੍ਹੋ ਕਿਵੇਂ ਮੁਸ਼ਕਲਾਂ ਪਾਰ ਕਰ ਇਹ ਬੇਟੀ ਝਾਰਖੰਡ ਦੀ ਜੱਜ ਬਣੀ।

ਜੀਟੀਰੋਡ 'ਤੇ ਹੀ ਅਨਾਜ ਮੰਡੀ ਕੋਲ ਝੁੱਗੀਆਂ ਹਨ। ਇਨ੍ਹਾਂ ਵਿਚੋਂ ਇਕ ਵਿਚ ਰਹਿੰਦਾ ਹੈ ਰੂਬੀ ਦਾ ਪਰਿਵਾਰ। ਮਜ਼ਦੂਰੀ ਕਰਨ ਵਾਲੇ ਪਰਿਵਾਰ ਦੀ ਰੂਬੀ ਪੜ੍ਹ ਲਿਖ ਕੇ ਅਫ਼ਸਰ ਬਣਨਾ ਚਾਹੁੰਦੀ ਸੀ।

ਚਾਰ ਭੈਣਾਂ 'ਚੋਂ ਸਭ ਤੋਂ ਛੋਟੀ ਰੂਬੀ ਨੇ ਅੰਗਰੇਜ਼ੀ ਵਿਚ ਐਮਏ ਕੀਤੀ। ਯੂਪੀਐੱਸਸੀ ਦੀ ਪ੍ਰੀਖਿਆ ਵੀ ਦਿੱਤੀ ਪਰ ਸਫ਼ਲ ਨਹੀਂ ਹੋਈ। ਇਸੇ ਦੌਰਾਨ ਪ੍ਰਸਾਸ਼ਨ ਨੇ ਕੱਚੇ ਮਕਾਨ ਢਾਹੁਣ ਦੀ ਮੁਹਿੰਮ ਚਲਾਈ। ਵਾਰ ਵਾਰ ਉਸ ਦਾ ਘਰ ਟੁੱਟਿਆ ਅਤੇ ਸੜਕ 'ਤੇ ਆ ਗਈ। ਇਨ੍ਹਾਂ ਮੁਸੀਬਤਾਂ ਦੇ ਬਾਵਜੂਦ ਵੀ ਰੂਬੀ ਪਿੱਛੇ ਨਹੀਂ ਹਟੀ। ਦਿੱਲੀ ਯੂਨੀਵਰਸਿਟੀ ਤੋਂ ਸਾਲ 2016 ਵਿਚ ਐਲਐਲਬੀ ਕੀਤੀ। ਸਾਲ 2018 ਵਿਚ ਉਤਰ ਪ੍ਰਦੇਸ਼ ਅਤੇ ਹਰਿਆਣਾ ਨਿਆਇਕ ਸੇਵਾ ਦੀ ਪ੍ਰੀਖਿਆ ਦਿੱਤੀ ਪਰ ਸਫ਼ਲਤਾ ਅਜੇ ਵੀ ਝੋਲੀ ਨਾ ਪਈ। ਮੁਸਬੀਤਾਂ ਨੇ ਦਰ ਨਾ ਛੱਡਿਆ ਪਰ ਫਿਰ ਵੀ ਬੁਲੰਦ ਹੌਸਲਿਆਂ ਨਾਲ ਆਪਣੀ ਮੰਜ਼ਲ ਸਰ ਕਰਨ ਲਈ ਰੂਬੀ ਯਤਨਸ਼ੀਲ ਰਹੀ।

27 ਅਪ੍ਰੈਲ 2019 ਨੂੰ ਉਸ ਦੀ ਝੁੱਗੀ ਨੂੰ ਅੱਗ ਲੱਗ ਗਈ। ਇਕ ਮਹੀਨੇ ਬਾਅਦ 27 ਮਈ ਨੂੰ ਝਾਰਖੰਡ ਨਿਆਇਕ ਸੇਵਾ ਦੀ ਪ੍ਰੀਖਿਆ ਹੋਈ ਸੀ। ਅਜਿਹੇ ਵਿਚ ਕਈ ਵਾਰ ਫੁੱਟਪਾਥ 'ਤੇ ਬੈਠ ਕੇ ਪੜ੍ਹਨਾ ਪਿਆ। ਮੁੱਢਲੀ ਅਤੇ ਮੇਨ ਪ੍ਰੀਖਿਆ ਪਾਸ ਕਰਨ ਤੋਂ ਬਾਅਦ 10 ਜਨਵਰੀ 2020 ਨੂੰ ਇੰਟਰਵਿਊ ਦੇ ਕੇ ਜਦੋਂ ਪਰਤੀ ਤਾਂ ਮਨ ਵਿਚ ਸਫ਼ਲਤਾ ਦੀ ਇਕ ਆਸ ਬੱਝੀ। ਉਸ ਦੇ ਬੁਲੰਦ ਹੌਸਲਿਆਂ ਅੱਗੇ ਮੁਸੀਬਤਾਂ ਨੂੰ ਈਨ ਮੰਨਣੀ ਪਈ। ਆਖਰਕਾਰ ਸਿਵਲ ਨਿਆਇਕ ਸੇਵਾ ਦਾ ਨਤੀਜਾ ਆਇਆ ਅਤੇ ਰੂਬੀ ਨੇ 52ਵੀਂ ਰੈਂਕਿੰਗ ਹਾਸਲ ਕੀਤੀ। ਉਸੇ ਸਵੇਰ ਜਦੋਂ ਉੱਠ ਕੇ ਵਟਸਐਪ ਦੇਖਿਆ ਤਾਂ ਉਮੀਦਵਾਰਾਂ ਦੇ ਗਰੁੱਪ ਵਿਚ ਸਫਲਤਾ ਦਾ ਮੈਸੇਜ ਦੇਖ ਕੇ ਅੱਖਾਂ ਵਿਚ ਹੰਝੂ ਆ ਗਏ।

ਰੋਜ਼ੀ ਰੋਟੀ ਬਣੀ ਸਭ ਤੋਂ ਵੱਡੀ ਚੁਣੌਤੀ

ਜਾਗਰਣ ਸਮੂਹ ਨਾਲ ਗੱਲਬਾਤ ਕਰਦੇ ਹੋਏ ਰੂਬੀ ਨੇ ਦੱਸਿਆ ਕਿ ਦੋ ਵਕਤ ਦੀ ਰੋਟੀ ਦਾ ਇੰਤਜ਼ਾਮ ਨਾ ਕਰ ਪਾਉਣਾ ਜ਼ਿੰਦਗੀ ਦੇ ਸਫ਼ਰ ਵਿਚ ਸਭ ਤੋਂ ਵੱਡੀ ਰੁਕਾਵਟ ਸੀ। ਪਿਤਾ ਅੱਲਾਊਦੀਨ ਦੀ 2004 ਵਿਚ ਮੌਤ ਤੋਂ ਬਾਅਦ ਮਾਂ ਜ਼ਾਹਿਦਾ ਬੇਗਮ ਨੇ ਸਾਨੂੰ ਪੰਜ ਭੈਣ ਭਰਾਵਾਂ ਨੂੰ ਵੱਡਾ ਕੀਤਾ। ਮਾਂ ਨੇ ਤੰਗੀ ਝੱਲ ਕੇ ਉਸ ਦੀ ਹਰ ਇੱਛਾ ਪੂਰੀ ਕੀਤੀ। ਰੂਬੀ ਦਾ ਕਹਿਣਾ ਹੈ ਕਿ ਭਰਾ ਮੁਹੰਮਦ ਰਫੀ ਨੇ ਹਮੇਸ਼ਾ ਹੌਸਲਾ ਵਧਾਇਆ।

Posted By: Tejinder Thind