ਸ਼ਸ਼ੀਕਾਂਤ ਤਿਵਾੜੀ, ਨਈ ਦੁਨੀਆ : ਪਰਾਲੀ ਦੀ ਸਮੱਸਿਆ ਦਾ ਇਕ ਬਿਹਤਰ ਹੱਲ ਸਾਹਮਣੇ ਆਇਆ ਹੈ। ਪਰਾਲੀ ਸਮੇਤ ਕਣਕ ਤੇ ਸੋਇਆਬੀਨ ਦੇ ਚਾਰੇ ਨਾਲ ਹੁਣ ਪਲਾਈ ਬਣੇਗੀ। ਇਸ ਨੂੰ ਬਣਾਉਣ 'ਚ ਪਰਾਲੀ, ਚਾਰੇ ਜਾਂ ਹੋਰ ਖੇਤੀ ਰਹਿੰਦ-ਖੂਹੰਦ ਦੇ ਇਲਾਵਾ 30 ਫ਼ੀਸਦੀ ਪਾਲੀਮਰ (ਰਸਾਇਣਕ ਪਦਾਰਥ) ਮਿਲਾਇਆ ਜਾਵੇਗਾ।

ਭੋਪਾਲ ਸਥਿਤ ਕੌਂਸਲ ਆਫ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ (ਸੀਐੱਸਆਈਆਰ)- ਐਂਪਰੀ (ਐਡਵਾਂਸ ਮਟੀਰੀਅਲਸ ਐਂਡ ਪ੍ਰੋਸੈੱਸ ਰਿਸਰਚ) ਨੇ ਤਿੰਨ ਸਾਲਾਂ ਦੀ ਕੋਸ਼ਿਸ਼ ਦੇ ਬਾਅਦ ਇਹ ਤਕਨੀਕ ਵਿਕਸਤ ਕੀਤੀ ਹੈ। ਸ਼ੁੱਕਰਵਾਰ ਨੂੰ ਇਸ ਤਕਨੀਕ ਨਾਲ ਪੈਦਾਵਾਰ ਸ਼ੁਰੂ ਕਰਨ ਦਾ ਲਾਇਸੈਂਸ ਵੀ ਛੱਤੀਸਗੜ੍ਹ ਦੇ ਭਿਲਾਈ ਸਥਿਤ ਸ਼ੁੱਭ ਗਰੀਨ ਸ਼ੀਟ ਪ੍ਰਾਈਵੇਟ ਲਿਮਟਿਡ ਨੂੰ ਦਿੱਤਾ ਗਿਆ। ਕੰਪਨੀ 10 ਕਰੋੜ ਰੁਪਏ ਦੀ ਲਾਗਤ ਨਾਲ ਮਾਰਚ, 2021 ਤੋਂ ਪੈਦਾਵਾਰ ਸ਼ੁਰੂ ਕਰਨ ਦੀ ਤਿਆਰੀ 'ਚ ਹੈ।

ਐਂਪਰੀ ਦੇ ਡਾਇਰੈਕਟਰ ਡਾ. ਅਵਨੀਸ਼ ਕੁਮਾਰ ਸ੍ਰੀਵਾਸਤਵ ਦਾ ਦਾਅਵਾ ਹੈ ਕਿ ਦੇਸ਼ ਦੀ ਇਹ ਪਹਿਲੀ ਤਕਨੀਕ ਹੈ। ਇਸ ਨੂੰ ਅਮਰੀਕਾ, ਕੈਨੇਡਾ, ਚੀਨ, ਫਰਾਂਸ, ਆਸਟ੍ਰੇਲੀਆ, ਸਪੇਨ ਸਮੇਤ ਅੱਠ ਦੇਸ਼ਾਂ ਤੋਂ ਪੇਟੈਂਟ ਮਿਲ ਚੁੱਕਾ ਹੈ। ਖੇਤੀ ਦੀ ਰਹਿੰਦ-ਖੂਹੰਦ ਨਾਲ ਬਣਨ ਵਾਲੀ ਪਲਾਈ ਮੌਜੂਦਾ ਬਾਜ਼ਾਰ 'ਚ ਉਪਲੱਬਧ ਪਲਾਈ ਤੋਂ ਚਾਰ ਗੁਣਾ ਮਜ਼ਬੂਤ ਤੇ ਸਸਤੀ ਹੋਵੇਗੀ। ਕਰੀਬ 20 ਸਾਲਾਂ ਤਕ ਇਸ ਵਿਚ ਕੋਈ ਖ਼ਰਾਬੀ ਨਹੀਂ ਆਵੇਗੀ।

ਰੀਸਾਈਕਲ ਕਰਨ ਤੋਂ ਬਾਅਦ ਵੀ ਪਲਾਈ ਹੀ ਬਣੇਗੀ

ਇਹ ਤਕਨੀਕ ਵਿਕਸਤ ਕਰਨ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਮੁੱਖ ਵਿਗਿਆਨੀ ਡਾ. ਅਸੋਕਨ ਪੱਪੂ ਨੇ ਕਿਹਾ ਕਿ ਪੁਰਾਣੀ ਜਾਂ ਖ਼ਰਾਬ ਪਲਾਈ ਨੂੰ ਰੀਸਾਈਕਲ ਕਰ ਕੇ ਫਿਰ ਤੋਂ ਉਹੀ ਉਤਪਾਦ ਬਣਾਇਆ ਜਾ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਿਚ ਅੱਗ, ਪਾਣੀ, ਨਮੀ, ਸਿਉਂਕ ਤੇ ਫੰਗਸ ਦਾ ਕੋਈ ਅਸਰ ਨਹੀਂ ਹੋਵੇਗਾ। ਇਸ ਨੂੰ ਲੈਮੀਨੇਟ ਕਰ ਕੇ ਤੇ ਲੈਮੀਨੇਸ਼ਨ ਦੇ ਬਿਨਾਂ ਐਡੀਸ਼ਨਾਂ 'ਚ ਉਤਾਰਿਆ ਜਾਵੇਗਾ। ਡਾ. ਅਸੋਕਨ ਮੁਤਾਬਕ ਮੌਜੂਦਾ ਹਾਲਾਤ ਦੇ ਮੁਤਾਬਕ ਵੱਖ-ਵੱਖ ਗੁਣਵੱਤਾ ਦੀ ਇਹ ਪਲਾਈ ਬਾਜ਼ਾਰ 'ਚ 26 ਤੋਂ 46 ਰੁਪਏ ਪ੍ਰਤੀ ਵਰਗ ਫੁੱਟ ਤਕ ਮਿਲ ਸਕੇਗੀ। ਬਾਜ਼ਾਰ 'ਚ ਉਪਲੱਬਧ ਪਲਾਈ ਦੀ ਕੀਮਤ ਇਸ ਤੋਂ ਘੱਟੋ-ਘੱਟ 10 ਰੁਪਏ ਮਹਿੰਗੀ ਹੈ।

ਹਰਿਆਣਾ ਦੀ 80 ਫ਼ੀਸਦੀ ਪਰਾਲੀ ਦੀ ਸਮੱਸਿਆ ਖ਼ਤਮ

ਇਸ ਤਕਨੀਕ ਨੂੰ ਲੈ ਕੇ ਐਂਪਰੀ ਵੱਲੋਂ ਪਿਛਲੇ ਦਿਨੀਂ ਕਰਵਾਏ ਇਕ ਵੈਬੀਨਾਰ 'ਚ ਐੱਨਆਈਟੀ ਕੁਰੂਕਸ਼ੇਤਰ ਦੇ ਡਾਇਰੈਕਟਰ ਪ੍ਰਰੋ. ਸਤੀਸ਼ ਕੁਮਾਰ ਨੇ ਕਿਹਾ ਕਿ ਇਸ ਦੀ ਵੱਧ ਤੋਂ ਵੱਧ ਵਰਤੋਂ ਹੋਵੇ ਤਾਂ ਪੰਜਾਬ ਤੇ ਹਰਿਆਣਾ 'ਚ ਪਰਾਲੀ ਸਾੜਨ ਤੋਂ ਉੱਥੇ ਤੇ ਦਿੱਲੀ 'ਚ ਹੋਣ ਵਾਲੇ ਪ੍ਰਦੂਸ਼ਣ ਤੋਂ ਛੁਟਕਾਰਾ ਮਿਲ ਜਾਵੇਗਾ। ਸੀਐੱਸਆਈਆਰ ਦੇ ਡਾਇਰੈਕਟਰ ਜਨਰਲ ਸ਼ੇਖਰ ਸੀ ਮਾਂਡੇ ਨੇ ਕਿਹਾ ਕਿ ਇਹ ਤਕਨੀਕ ਦੇਸ਼ ਲਈ ਅੱਜ ਦੀ ਵੱਡੀ ਲੋੜ ਹੈ। ਐਂਪਰੀ ਦੇ ਡਾਇਰੈਕਟਰ ਨੇ ਕਿਹਾ ਕਿ ਪਿਛਲੇ ਸਾਲ ਦੇ ਅਨੁਮਾਨਾਂ ਦੇ ਮੁਤਾਬਕ ਹਰਿਆਣਾ 'ਚ ਪਲਾਈ ਪੈਦਾਵਾਰ 'ਚ ਇਸ ਤਕਨੀਕ ਦੀ ਵਰਤੋਂ ਨਾਲ ਉੱਥੋਂ ਦੀ 80 ਫ਼ੀਸਦੀ ਪਰਾਲੀ ਦੀ ਵਰਤੋਂ ਹੋ ਜਾਵੇਗੀ।