ਨਵੀਂ ਦਿੱਲੀ: ਭਾਰਤੀ ਹਵਾਈ ਫੌਜ ਨੇ ਵੀਰਵਾਰ ਦੇਰ ਰਾਤ ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਅਸਮਾਨ 'ਚ ਜ਼ਬਰਦਸਤ ਅਭਿਆਸ ਕੀਤਾ। ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਵਧੇ ਤਣਾਅ ਅਤੇ 26 ਫਰਵਰੀ ਨੂੰ ਪਾਕਿਸਤਾਨ 'ਚ ਭਾਰਤ ਦੀ ਏਅਰ ਸਟ੍ਰਾਈਕ ਤੋਂ ਬਾਅਦ ਦੇਸ਼ 'ਚ ਅਜੀਬ ਜਿਹਾ ਮਾਹੌਲ ਹੈ। ਇਸੇ ਦੌਰਾਨ ਦੇਰ ਰਾਤੀ ਭਾਰਤੀ ਹਵਾਈ ਫੌਜ ਦੇ ਕਈ ਲੜਾਕੂ ਜੈੱਟਸ ਨੇ ਇਸ ਅਭਿਆਸ 'ਚ ਭਾਗ ਲਿਆ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਦੇਰ ਰਾਤ ਪਾਕਿਸਤਾਨ ਨਾਲ ਲੱਗਦੇ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ 'ਚ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਸੀ। ਦੇਰ ਰਾਤ ਕਰੀਬ ਸਵਾ ਇਕ ਵਜੇ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਨਾਲ ਸ਼ਹਿਰ ਦੇ ਲੋਕਾਂ 'ਚ ਦਹਿਸ਼ਤ ਫੈਲ ਗਈ। ਉਸ ਸਮੇਂ ਧਮਾਕਿਆਂ ਬਾਰੇ ਪਤਾ ਨਹੀਂ ਲੱਗ ਸਕਿਆ। ਹਾਲਾਂਕਿ ਉਦੋਂ ਮੰਨਿਆ ਜਾ ਰਿਹਾ ਸੀ ਕਿ ਹੋ ਸਕਦਾ ਹੈ ਕੋਈ ਜਹਾਜ਼ ਘੱਟ ਉਚਾਈ ਤੋਂ ਲੰਘ ਰਿਹਾ ਹੋਵੇ ਜਿਸ ਕਾਰਨ ਇੰਨੀ ਆਵਾਜ਼ ਆ ਰਹੀ ਹੈ।

ਇਸ ਅਭਿਆਸ ਦੌਰਾਨ ਭਾਰਤੀ ਹਵਾਈ ਫੌਜ ਦੇ ਜੈੱਟ ਜਹਾਜ਼ਾਂ ਨੇ ਅੰਮ੍ਰਿਤਸਰ ਸਮੇਤ ਸਰਹੱਦੀ ਜ਼ਿਲ੍ਹਿਆ 'ਚ ਸੁਪਰਸੋਨਿਕ ਰਫ਼ਤਾਰ ਨਾਲ ਉਡਾਨ ਭਰੀ ਅਤੇ ਆਪਣੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਫਰੰਟਲਾਈਨ ਪਾਇਲਟ ਪਲੇਨ ਵੀ ਸ਼ਾਮਲ ਸਨ। ਇਹ ਅਭਿਆਸ ਪਾਕਿਸਤਾਨੀ ਹਵਾਈ ਫੌਜ ਦੀ ਕਿਸੇ ਚਾਲ ਨੂੰ ਫੇਲ੍ਹ ਕਰਨ ਲਈ ਕੀਤਾ ਗਿਆ।

26 ਫਰਵਰੀ ਨੂੰ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਦੇ ਬਾਲਾਕੋਟ 'ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾ ਏਅਰ ਸਟ੍ਰਾਈਕ ਕੀਤੀ ਸੀ। ਉਸ ਤੋਂ ਬਾਅਦ ਹੀ ਭਾਰਤੀ ਸੇਵਾਵਾਂ ਹਾਈ ਅਲਰਟ 'ਤੇ ਹਨ।

ਕੁਝ ਹੀ ਦਿਨ ਪਹਿਲਾਂ ਪਾਕਿਸਤਾਨੀ ਫੌਜ ਦੇ ਦੋ ਜਹਾਜ਼ ਸੁਪਰਸੋਨਿਕ ਰਫ਼ਤਾਰ ਨਾਲ ਜੰਮੂ-ਕਸ਼ਮੀਰ ਦੇ ਪੁਣਛ 'ਚ ਲਾਈਨ ਆਫ ਕੰਟਰੋਲ ਨਜ਼ਦੀਕ ਉੱਡਦੇ ਦੇਖੇ ਗਏ ਹਨ। ਅੰਤਰਰਾਸ਼ਟਰੀ ਬਾਰਡਰ ਅਤੇ ਐੱਲਓਸੀ ਲਾਗੇ ਪਾਕਿਸਤਾਨੀ ਹਵਾਈ ਫੌਜ ਦੀ ਹਲਚਲ ਵਧਣ ਨਾਲ ਹੀ ਭਾਰਤੀ ਹਵਾਈ ਫੌਜ ਵੀ ਅਲਰਟ 'ਤੇ ਹੈ। ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਵੱਲੋਂ ਹੋਣ ਵਾਲੀ ਹਰ ਹਰਕਤ 'ਤੇ ਤਿੱਖੀ ਨਜ਼ਰ ਰੱਖੀ ਹੋਈ ਹੈ।

ਜ਼ਿਕਰਯੋਗ ਹੈ ਕਿ 27 ਫਰਵਰੀ ਨੂੰ ਭਾਰਤੀ ਹਵਾਈ ਜੈੱਟ ਫਾਈਟਰ ਅਭਿਨੰਦਨ ਵਰਤਮਾਨ ਨੇ ਆਪਣੇ ਮਿਗ-21 'ਚ ਉਡਾਨ ਭਰਦੇ ਹੋਏ ਪਾਕਿਸਤਾਨ ਦੇ ਅਤਿ ਆਧੁਨਿਕ ਜਹਾਜ਼ ਐੱਫ-16 ਨੂੰ ਸੁੱਟ ਦਿੱਤਾ ਸੀ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦਾ ਮਿਗ-21 ਵੀ ਹਾਦਸਾਗ੍ਰਸਤ ਹੋ ਗਿਆ ਸੀ ਅਤੇ ਉਹ ਜਹਾਜ਼ ਇਜੈਕਟ ਹੋ ਕੇ ਮਕਬੂਜ਼ਾ ਕਸ਼ਮੀਰ 'ਚ ਜਾ ਡਿੱਗਿਆ ਸੀ। ਇਸ ਤੋਂ ਬਾਅਦ ਕਰੀਬ ਤਿੰਨ ਦਿਨ ਬਾਅਦ ਉਹ ਪਾਕਿਸਤਾਨ ਦੀ ਕਸਟਡੀ 'ਚ ਰਹਿ ਕੇ ਵਾਪਸ ਆਏ ਹਨ।

Posted By: Akash Deep