ਨਈ ਦੁਨੀਆ, ਇੰਦੌਰ : ਰਾਸ਼ਟਰੀ ਸਵੈ ਸੇਵਕ ਸੰਘ ਦੇ ਸੀਨੀਅਰ ਅਹੁਦੇਦਾਰ ਤੇ ਰਾਸ਼ਟਰੀ ਮੁਸਲਿਮ ਮੰਚ ਦੇ ਅਖਿਲ ਭਾਰਤੀ ਮਾਰਗ ਦਰਸ਼ਕ ਇੰਦਰੇਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਦੀ ਹਾਲਤ ਖ਼ਰਾਬ ਹੈ। ਕੁਝ ਸਾਲਾਂ 'ਚ ਉਹ ਵੰਡਿਆ ਜਾਵੇਗਾ ਤੇ ਉਸ ਦੇ ਟੁਕੜੇ ਹੋ ਜਾਣਗੇ।

ਇੱਥੇ ਇਕ ਪ੍ਰੋਗਰਾਮ 'ਚ ਸ਼ਿਰਕਤ ਕਰ ਰਹੇ ਇੰਦਰੇਸ਼ ਕੁਮਾਰ ਨੇ ਕਿਹਾ ਕਿ ਜਿਸ ਤਰ੍ਹਾਂ ਕਸ਼ਮੀਰ ਤੋਂ ਧਾਰਾ 370 ਹਟਾਉਣ ਲਈ ਮੁਹਿੰਮ ਚਲਾਈ ਗਈ ਸੀ, ਉਸੇ ਤਰ੍ਹਾਂ ਮਕਬੂਜ਼ਾ ਕਸਮੀਰ ਨੂੰ ਵਾਪਸ ਸ਼ਾਮਲ ਕਰਨ ਲਈ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤ ਤੋਂ 1947 'ਚ ਪਾਕਿਸਤਾਨ ਗਏ ਲੋਕਾਂ ਨੂੰ ਹੁਣ ਤਕ ਉੱਥੋਂ ਦੀ ਨਾਗਰਿਕਤਾ ਨਹੀਂ ਮਿਲ ਸਕੀ। ਬੀਤੇ ਸਾਲ ਜਦੋਂ ਭਾਰਤ ਸਰਕਾਰ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਲਿਆਈ ਸੀ, ਉਦੋਂ ਭਾਰਤੀ ਮੁਸਲਮਾਨਾਂ ਨੂੰ ਭਰਮ ਹੋ ਗਿਆ ਸੀ ਤੇ ਉਹ ਵਿਰੋਧ ਕਰਨ ਲੱਗੇ। ਉਸੇ ਸਮੇਂ ਪਾਕਿਸਤਾਨ ਨੇ ਕਹਿ ਦਿੱਤਾ ਸੀ ਕਿ ਉਹ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਆਪਣੇ ਦੇਸ਼ 'ਚ ਨਹੀਂ ਆਉਣ ਦੇਣਗੇ।

ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਧਾਰਮਿਕ ਕੱਟੜਤਾ ਵਾਲੇ ਬਿਆਨ ਦੀ ਨਿੰਦਾ ਕਰਦਿਆਂ ਉਨ੍ਹਾਂ ਨੂੰ ਕਿਹਾ ਕਿ ਸਾਡਾ ਦੇਸ਼ ਇਕ ਹੈ, ਜਿਸ ਨੂੰ ਕੁਝ ਲੋਕ ਵੰਡਣ ਦਾ ਯਤਨ ਕਰਦੇ ਹਨ। ਅੰਸਾਰੀ ਨੂੰ ਆਪਣੇ ਗਿਰੇਬਾਨ 'ਚ ਝਾਕਣ ਦੀ ਜ਼ਰੂਰਤ ਹੈ। ਉਨ੍ਹਾਂ ਦੇ ਹੀ ਸਮੇਂ 'ਚ ਲੋਕਾਂ ਨੂੰ ਸਭ ਤੋਂ ਵੱਧ ਵੰਡਿਆ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਹੋਰ ਪਾਰਟੀਆਂ ਦੀਆਂ ਪਿਛਲੀਆਂ ਸਰਕਾਰਾਂ ਨੇ ਜਿਹੜਾ ਧਾਰਮਿਕ ਤੁਸ਼ਟੀਕਰਨ ਕੀਤਾ, ਉਹੀ ਲਵ ਜੇਹਾਦ ਲਈ ਸਭ ਤੋਂ ਵੱਧ ਜ਼ਿੰਮੇਵਾਰ ਹੈ। ਇਸ ਹਾਲਤ 'ਚ ਜਿਹੜੇ ਕਾਨੂੰਨ ਬਣ ਰਹੇ ਹਨ, ਉਹ ਸਵਾਗਤ ਯੋਗ ਹਨ। ਕੁਝ ਲੋਕ ਚਿਹਰਾ ਤੇ ਧਰਮ ਬਦਲ ਕੇ ਔਰਤਾਂ ਨਾਲ ਅੱਤਿਆਚਾਰ ਕਰਦੇ ਰਹੇ ਹਨ। ਇਹ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ। ਜਿਹੜੀਆਂ ਸਰਕਾਰਾਂ ਇਸ ਕਾਨੂੰਨ ਦਾ ਵਿਰੋਧ ਕਰ ਰਹੀਆਂ ਹਨ, ਉਹ ਮੌਲਿਕ ਅਧਿਕਾਰਾਂ ਦਾ ਵਿਰੋਧ ਕਰ ਰਹੀਆਂ ਹਨ।

Posted By: Sunil Thapa