ਜੇਐੱਨਐੱਨ, ਰਾਜੌਰੀ : ਜੰਮੂ-ਕਸ਼ਮੀਰ 'ਚ ਆਮ ਹੋ ਰਹੇ ਹਾਲਾਤ ਨਾਲ ਬੌਖਲਾਈ ਪਾਕਿਸਤਾਨੀ ਫ਼ੌਜ ਲਗਾਤਾਰ ਸਰਹੱਦ 'ਤੇ ਤਣਾਅ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸ਼ੁੱਕਰਵਾਰ ਨੂੰ ਪਾਕਿਸਤਾਨੀ ਫ਼ੌਜ ਨੇ ਜੰਮੂ ਦੇ ਰਾਜੌਰੀ ਸਥਿਤ ਨੌਸ਼ਹਿਰਾ ਸੈਕਟਰ 'ਚ ਭਾਰੀ ਗੋਲ਼ਾਬਾਰੀ ਕੀਤੀ। ਇਸ ਵਿਚ ਭਾਰਤੀ ਫ਼ੌਜ ਦੇ ਨਾਇਕ ਸ਼ਹੀਦ ਹੋ ਗਏ। ਭਾਰਤੀ ਫ਼ੌਜ ਨੇ ਵੀ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਜਿਸ ਵਿਚ ਪਾਕਿ ਨੂੰ ਕਾਫ਼ੀ ਨੁਕਸਾਨ ਪੁੱਜਾ ਹੈ। ਪਾਕਿ ਗੋਲ਼ਾਬਾਰੀ 'ਚ ਸ਼ਹੀਦ ਨਾਇਕ ਦੀ ਪਛਾਣ ਗੋਰਖਾ ਰਾਈਫਲ ਦੇ ਰਾਜੀਵ ਥਾਪਾ ਨਿਵਾਸੀ ਜਲਪਾਈਗੁੜੀ, ਬੰਗਾਲ ਦੇ ਰੂਪ ਵਿਚ ਹੋਈ ਹੈ।

ਨੌਸ਼ਹਿਰਾ ਦੇ ਕਲਸੀਆਂ ਖੇਤਰ 'ਚ ਸ਼ੁੱਕਰਵਾਰ ਸਵੇਰੇ ਪਾਕਿ ਫ਼ੌਜ ਨੇ ਭਾਰਤੀ ਫ਼ੌਜ ਦੀਆਂ ਸਰਹੱਦੀ ਚੌਕੀਆਂ ਦੇ ਨਾਲ-ਨਾਲ ਰਿਹਾਇਸ਼ੀ ਖੇਤਰਾਂ ਨੂੰ ਨਿਸ਼ਾਨਾ ਬਣਾ ਕੇ ਗੋਲ਼ਾਬਾਰੀ ਸ਼ੁਰੂ ਕਰ ਦਿੱਤੀ। ਇਸ ਵਿਚ ਭਾਰਤੀ ਫ਼ੌਜ ਦੇ ਨਾਇਕ ਰਾਜੀਵ ਥਾਪਾ ਸ਼ਹੀਦ ਹੋ ਗਏ। ਇਸ ਤੋਂ ਬਾਅਦ ਭਾਰਤੀ ਫ਼ੌਜ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕੀਤੀ। ਦੇਰ ਸ਼ਾਮ ਤਕ ਦੋਵੇਂ ਪਾਸਿਆਂ ਤੋਂ ਗੋਲ਼ਾਬਾਰੀ ਜਾਰੀ ਰਹੀ।