ਜੈਪ੍ਰਕਾਸ਼ ਰੰਜਨ, ਨਵੀਂ ਦਿੱਲੀ : ਧਾਰਾ 370 ਹਟਾਉਣ ਦੇ ਭਾਰਤ ਦੇ ਫ਼ੈਸਲੇ ਵਿਰੁੱਧ ਦੁਨੀਆ ਭਰ 'ਚ ਕੂਟਨੀਤਕ ਪੇਸ਼ਬੰਦੀ 'ਚ ਲੱਗਾ ਪਾਕਿਸਤਾਨ ਖ਼ੁਦ ਆਪਣੀਆਂ ਹੀ ਚਾਲਾਂ ਵਿਚ ਉਲਝ ਗਿਆ ਹੈ। ਇਕ ਪਾਸੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਅਸਿੱਧੇ ਰੂਪ 'ਚ ਹਾਰ ਸਵੀਕਾਰ ਕਰਨ ਲੱਗੇ ਹਨ ਤਾਂ ਦੂਜੇ ਪਾਸੇ ਕੌਮਾਂਤਰੀ ਮੰਚ 'ਤੇ ਪਾਕਿਸਤਾਨ ਦੀਆਂ ਦਲੀਲਾਂ ਨੂੰ ਖ਼ਾਸ ਤਵੱਜੋਂ ਨਾ ਮਿਲਦੀ ਦੇਖ ਉਸ ਦੇ ਰਾਜਨਾਇਕਾਂ ਦੇ ਮਤਭੇਦ ਵੀ ਸਾਹਮਣੇ ਆਉਣ ਲੱਗੇ ਹਨ। ਪਾਕਿਸਤਾਨ ਦੀ ਨਿਰਾਸ਼ਾ ਇਸ ਲਈ ਵੀ ਜ਼ਿਆਦਾ ਹੈ ਕਿ ਚੀਨ ਤੇ ਇਸਲਾਮਿਕ ਦੇਸ਼ਾਂ ਵੱਲੋਂ ਵੀ ਅਜੇ ਤਕ ਉਸ ਨੂੰ ਉਹੋ ਜਿਹਾ ਸਮੱਰਥਨ ਨਹੀਂ ਮਿਲਿਆ ਜਿਹੋ ਜਿਹਾ ਉੱਥੋਂ ਦੇ ਹੁਕਮਰਾਨ ਉਮੀਦ ਕਰ ਰਹੇ ਸਨ। ਇਸਲਾਮਿਕ ਦੇਸ਼ ਇਸ ਮੁੱਦੇ 'ਤੇ ਚੁੱਪ ਹਨ। ਉਧਰ ਸ਼ੁਰੂਆਤੀ ਨਾਰਾਜ਼ਗੀ ਦਿਖਾਉਣ ਤੋਂ ਬਾਅਦ ਚੀਨ ਦਾ ਰੁਖ਼ ਵੀ ਬਦਲਿਆ ਹੋਇਆ ਹੈ।

ਅਫ਼ਗਾਨਿਸਤਾਨ 'ਚ ਪਾਕਿਸਤਾਨ ਦੇ ਰਾਜਦੂਤ ਜਾਹਿਦ ਨਸਰਉਲ੍ਹਾ ਖ਼ਾਨ ਨੇ ਇਹ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਕਿ ਭਾਰਤ ਨੇ ਕਸ਼ਮੀਰ 'ਚ ਜੋ ਕਦਮ ਉਠਾਇਆ ਹੈ ਉਹ ਅਫ਼ਗਾਨਿਸਤਾਨ 'ਚ ਚੱਲ ਰਹੀ ਸ਼ਾਂਤੀ ਗੱਲਬਾਤ ਨੂੰ ਪ੍ਰਭਾਵਿਤ ਕਰੇਗਾ। ਦੂਜੇ ਪਾਸੇ ਅਮਰੀਕਾ 'ਚ ਪਾਕਿਸਤਾਨ ਦੇ ਰਾਜਦੂਤ ਅਸਦ ਐੱਮ ਖ਼ਾਨ ਦਾ ਕਹਿਣਾ ਹੈ ਕਿ ਕਸ਼ਮੀਰ ਨੂੰ ਲੈ ਕੇ ਵਿਵਾਦ ਵਧਦਾ ਦੇਖ ਕੇ ਪਾਕਿਸਤਾਨ ਨੂੰ ਆਪਣੀ ਫ਼ੌਜ ਪੱਛਮੀ ਸਰਹੱਦ ਤੋਂ ਹਟਾ ਕੇ ਪੂਰਬੀ ਸਰਹੱਦ 'ਤੇ ਤਾਇਨਾਤ ਕਰਨੀ ਪੈ ਸਕਦੀ ਹੈ। ਉਨ੍ਹਾਂ ਸਿੱਧੇ ਤੌਰ 'ਤੇ ਇਸ ਨੂੰ ਅਫ਼ਗਾਨਿਸਤਾਨ ਨਾਲ ਚੱਲ ਰਹੇ ਸ਼ਾਂਤੀ ਸਮਝੌਤੇ ਨਾਲ ਜੋੜਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਇਹ ਗੱਲ ਕੁਝ ਦਿਨ ਪਹਿਲਾਂ ਕਹੀ ਸੀ।

ਪਾਕਿਸਤਾਨ ਦੀ ਕੂਟਨੀਤੀ ਨੂੰ ਮੰਗਲਵਾਰ ਨੂੰ ਦੋ ਹੋਰ ਝਟਕੇ ਲੱਗੇ ਹਨ। ਸਭ ਤੋਂ ਪਹਿਲਾਂ ਤਾਂ ਭਾਰਤ ਤੇ ਚੀਨ ਦੇ ਵਿਦੇਸ਼ ਮੰਤਰੀਆਂ ਦੀ ਸੋਮਵਾਰ ਨੂੰ ਹੋਈ ਮੁਲਾਕਾਤ 'ਚ ਚੀਨ ਦੇ ਵਿਦੇਸ਼ ਮੰਤਰਾਲੇ ਵੱਲੋਂ ਕਸ਼ਮੀਰ ਨੂੰ ਲੈ ਕੇ ਕੋਈ ਖ਼ਾਸ ਟੀਕਾ-ਟਿੱਪਣੀ ਨਹੀਂ ਕੀਤੀ ਗਈ। ਇਸ ਵਿਚ ਕਸ਼ਮੀਰ ਦਾ ਜ਼ਿਕਰ ਕਰਦਿਆਂ ਉਮੀਦ ਪ੍ਰਗਟਾਈ ਗਈ ਹੈ ਕਿ ਭਾਰਤ ਦੱਖਣੀ ਏਸ਼ੀਆ 'ਚ ਸ਼ਾਂਤੀ ਤੇ ਖ਼ੁਸ਼ਹਾਲੀ ਲਈ ਰਚਨਾਤਮਕ ਯਤਨ ਕਰੇਗਾ। ਇਸ ਮੀਟਿੰਗ ਵਿਚ ਚੀਨ ਵੱਲੋਂ ਕਸ਼ਮੀਰ ਮੁੱਦਾ ਉਠਾਇਆ ਗਿਆ ਸੀ ਪਰ ਭਾਰਤ ਨੇ ਬੇਹੱਦ ਠੋਸ ਸ਼ਬਦਾਂ ਵਿਚ ਆਪਣਾ ਪੱਖ ਰੱਖਿਆ ਸੀ ਕਿ ਇਹ ਉਸ ਦਾ ਅੰਦਰੂਨੀ ਮਾਮਲਾ ਹੈ ਤੇ ਧਾਰਾ 370 ਹਟਾਉਣ ਨਾਲ ਮੌਜੂਦਾ ਕੌਮਾਂਤਰੀ ਸਰਹੱਦ 'ਚ ਕੋਈ ਤਬਦੀਲੀ ਨਹੀਂ ਹੋਈ ਹੈ। ਦੂਜਾ ਝਟਕਾ ਪੋਲੈਂਡ ਨੇ ਦਿੱਤਾ। ਪੋਲੈਂਡ ਹੁਣ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰਰੀਸ਼ਦ ਦਾ ਮੌਜੂਦਾ ਮੁਖੀ ਹੈ। ਇਹੀ ਕਾਰਨ ਹੈ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਉਨ੍ਹਾਂ ਨਾਲ ਗੱਲ ਕੀਤੀ ਤੇ ਕਸ਼ਮੀਰ ਵਿਚ ਦਖ਼ਲ ਦੀ ਬੇਨਤੀ ਕੀਤੀ ਪਰ ਨਵੀਂ ਦਿੱਲੀ 'ਚ ਪੋਲੈਂਡ ਦੇ ਰਾਜਦੂਤ ਨੇ ਮੀਡੀਆ ਨੂੰ ਦਿੱਤੀ ਗਈ ਇੰਟਰਵਿਊ ਵਿਚ ਸਾਫ਼ ਕਰ ਦਿੱਤਾ ਕਿ ਕਸ਼ਮੀਰ ਇਕ ਦੁਵੱਲਾ ਮੁੱਦਾ ਹੈ ਤੇ ਇਸ ਨੂੰ ਦੁਵੱਲੇ ਆਧਾਰ 'ਤੇ ਸੁਲਝਾਇਆ ਜਾਣਾ ਚਾਹੀਦਾ ਹੈ।

ਵਿਦੇਸ਼ ਮੰਤਰਾਲੇ ਦੇ ਸੂਤਰਾਂ ਮੁਤਾਬਕ ਕਿਸੇ ਵੀ ਦੇਸ਼ ਨੇ ਸਮੁੱਚੇ ਤੌਰ 'ਤੇ ਪਾਕਿਸਤਾਨ ਦੇ ਰੁਖ਼ ਦਾ ਸਮੱਰਥਨ ਨਹੀਂ ਕੀਤਾ ਜਦਕਿ ਕਈ ਦੇਸ਼ ਇਹ ਸਾਫ਼ ਤੌਰ 'ਤੇ ਕਹਿ ਚੁੱਕੇ ਹਨ ਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ। ਇਹ ਦੱਸਿਆ ਜਾ ਰਿਹਾ ਹੈ ਕਿ ਕਸ਼ਮੀਰ 'ਤੇ ਪਾਕਿਸਤਾਨ ਦਾ ਝੂਠ ਹੁਣ ਨਹੀਂ ਚੱਲ ਰਿਹਾ। ਇਹੀ ਗੱਲ ਭਾਰਤ ਤੇ ਸਾਬਕਾ ਵਿਦੇਸ਼ ਸਕੱਤਰ ਕੰਵਲ ਸਿੱਬਲ ਵੀ ਮੰਨਦੇ ਹਨ। ਉਨ੍ਹਾਂ ਮੁਤਾਬਕ ਪਾਕਿਸਤਾਨ ਇਹ ਨਹੀਂ ਸਮਝ ਰਿਹਾ ਕਿ ਹਾਲਾਤ ਹੁਣ ਬਦਲ ਚੁੱਕੇ ਹਨ। ਧਾਰਾ 370 ਹਟਣ ਪਿੱਛੋਂ ਕਸ਼ਮੀਰ ਹੁਣ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਦਾ ਮੁੱਦਾ ਨਹੀਂ ਰਿਹਾ। ਹੁਣ ਭਾਰਤ ਕਸ਼ਮੀਰ 'ਤੇ ਗੱਲਬਾਤ ਲਈ ਤਿਆਰ ਹੋਵੇਗਾ ਤਾਂ ਉਹ ਸਿਰਫ਼ ਉੱਥੇ ਹੋਣ ਵਾਲੇ ਅੱਤਵਾਦ 'ਤੇ ਗੱਲ ਲਈ ਤਿਆਰ ਹੋਵੇਗਾ। ਕੋਈ ਵੀ ਦੂਜਾ ਦੇਸ਼ ਪਾਕਿਸਤਾਨ ਦੀ ਦਲੀਲ ਨੂੰ ਹੁਣ ਸਵੀਕਾਰ ਨਹੀਂ ਕਰੇਗਾ।

ਇਹੀ ਨਹੀਂ ਪਾਕਿਸਤਾਨ ਦੀ ਇਹ ਦਲੀਲ ਵੀ ਟੁੱਟ ਗਈ ਹੈ ਕਿ ਅਮਰੀਕਾ ਨੇ ਕਸ਼ਮੀਰ ਮੁੱਦੇ 'ਤੇ ਦਖ਼ਲ ਦੇਸ਼ ਦੀ ਪੇਸ਼ਕਸ਼ ਕੀਤੀ ਹੈ। ਧਾਰਾ 370 ਹਟਾਉਣ ਦੇ ਭਾਰਤ ਦੇ ਫ਼ੈਸਲੇ ਪਿੱਛੋਂ ਅਮਰੀਕਾ ਨੇ ਬੇਹੱਦ ਨਪੀ- ਤੁਲੀ ਪ੍ਰਤੀਕਿਰਿਆ ਦਿੱਤੀ ਹੈ। ਇਸ ਵਿਚ ਦਖ਼ਲ ਦਾ ਕੋਈ ਜ਼ਿਕਰ ਨਹੀਂ ਕੀਤਾ। ਵਾਸ਼ਿੰਗਟਨ ਵਿਚ ਭਾਰਤ ਦੇ ਰਾਜਦੂਤ ਹਰਸ਼ ਸ਼ਿ੍ੰਗਲਾ ਨੇ ਮੰਗਲਵਾਰ ਨੂੰ ਸਾਫ਼ ਕੀਤਾ ਕਿ ਵਿਚੋਲਗੀ ਦੀ ਕੋਈ ਵੀ ਤਜਵੀਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਨਹੀਂ ਪੇਸ਼ ਕੀਤੀ ਗਈ ਹੈ।