ਨਿਊਯਾਰਕ (ਏਐੱਨਆਈ) : ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਨੁਮਾਇੰਦੇ ਟੀਐੱਸ ਤਿਰੁਮੂਰਤੀ ਨੇ ਅੱਤਵਾਦ ਦੇ ਮੁੱਦੇ 'ਤੇ ਪਾਕਿਸਤਾਨ ਨੂੰ ਘੇਰਿਆ ਤੇ ਉਨ੍ਹਾਂ ਇਸ ਦੇਸ਼ ਨੂੰ ਅੱਤਵਾਦ ਦਾ ਕੇਂਦਰ ਕਰਾਰ ਦਿੰਦੇ ਹੋਏ ਕਿਹਾ ਕਿ ਇਸਲਾਮਾਬਾਦ ਅੱਤਵਾਦੀ ਸੰਗਠਨਾਂ ਨੂੰ ਪਨਾਹ ਦਿੰਦਾ ਹੈ। ਭਾਰਤੀ ਦੂਤ ਨੇ ਸੋਮਵਾਰ ਨੂੰ ਇਕ ਇੰਟਰਵਿਊ 'ਚ ਕਿਹਾ ਕਿ ਜਮਾਤ-ਉਦ-ਦਾਅਵਾ, ਲਸ਼ਕਰ-ਏ-ਤਾਇਬਾ ਤੇ ਜੈਸ਼-ਏ-ਮੁਹੰਮਦ ਵਰਗੇ ਅੱਤਵਾਦੀ ਸੰਗਠਨ ਪਾਕਿਸਤਾਨ ਦੀ ਧਰਤੀ ਤੋਂ ਲਗਾਤਾਰ ਆਪਣੀਆਂ ਸਰਗਰਮੀਆਂ ਨੂੰ ਅੰਜਾਮ ਦੇ ਰਹੇ ਹਨ। ਤਿਰੁਮੂਰਤੀ ਮੁਤਾਬਕ 'ਇਸ ਸੱਚ ਦਾ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਪਾਕਿਸਤਾਨ ਅੱਤਵਾਦ ਦਾ ਕੇਂਦਰ ਹੈ। ਇਹ ਮੁਲਕ ਕੌਮਾਂਤਰੀ ਪੱਧਰ 'ਤੇ ਪਾਬੰਦੀਸ਼ੁਦਾ ਜਮਾਤ-ਉਦ-ਦਾਅਵਾ, ਲਸ਼ਕਰ-ਏ-ਤਾਇਬਾ, ਜੈਸ਼-ਏ-ਮੁਹੰਮਦ ਤੇ ਹਿਜ਼ਬੁਲ ਮੁਜਾਹਿਦੀਨ ਵਰਗੇ ਅੱਤਵਾਦੀ ਸੰਗਠਨਾਂ ਦਾ ਸਭ ਤੋਂ ਵੱਡਾ ਟਿਕਾਣਾ ਹੈ। ਇਹ ਸੰਗਠਨ ਇਸ ਦੇਸ਼ ਤੋਂ ਆਪਣੀਆਂ ਸਰਗਰਮੀਆਂ ਨੂੰ ਲਗਾਤਾਰ ਸੰਚਾਲਿਤ ਕਰ ਰਹੇ ਹਨ। ਸਯੁੰਕਤ ਰਾਸ਼ਟਰ ਤੇ ਇਸ ਦੀਆਂ ਕਈ ਰਿਪੋਰਟਾਂ 'ਚ ਵਿਦੇਸ਼ਾਂ 'ਚ ਹੋਏ ਅੱਤਵਾਦੀ ਹਮਲਿਆਂ 'ਚ ਪਾਕਿਸਤਾਨ ਦੀ ਸ਼ਮੂਲੀਅਤ ਕਈ ਵਾਰ ਉਜਾਗਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੀ ਇਸ ਗੱਲ ਨੂੰ ਮੰਨ ਚੁੱਕੇ ਹਨ ਕਿ ਉਨ੍ਹਾਂ ਦੇ ਮੁਲਕ 'ਚ ਲਗਪਗ 40 ਹਜ਼ਾਰ ਅੱਤਵਾਦੀ ਮੌਜੂਦ ਹੈ ਤੇ ਗੁਆਂਢੀ ਦੇਸ਼ਾਂ 'ਚ ਹਮਲੇ ਕੀਤੇ ਹਨ।