ਨਵੀਂ ਦਿੱਲੀ : ਮਕਬੂਜ਼ਾ ਕਸ਼ਮੀਰ ਦੀਆਂ ਉੱਚ ਵਿੱਦਿਅਕ ਸੰਸਥਾਵਾਂ 'ਚ ਦਾਖ਼ਲੇ ਦੇਣ ਦੀ ਪਾਕਿਸਤਾਨ ਦੀ ਸਾਜਿਸ਼ ਤੋਂ ਕੇਂਦਰ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਚੌਕਸ ਕੀਤਾ ਹੈ। ਵਿਦਿਆਰਥੀਆਂ ਨੂੰ ਅਜਿਹੀਆਂ ਫ਼ਰਜ਼ੀ ਸੰਸਥਾਵਾਂ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਨਾਲ ਹੀ ਕਿਹਾ ਗਿਆ ਹੈ ਕਿ ਇਨ੍ਹਾਂ ਸੰਸਥਾਵਾਂ ਦੀ ਡਿਗਰੀ ਪੂਰੀ ਤਰ੍ਹਾਂ ਫ਼ਰਜ਼ੀ ਹੈ। ਯੂਜੀਸੀ ਜਾਂ ਐੱਮਸੀਆਈ ਵਰਗੀਆਂ ਸੰਸਥਾਵਾਂ ਨਾਲ ਇਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਪਾਕਿਸਤਾਨ ਦੀ ਇਸ ਚਾਲ ਨੂੰ ਭਾਰਤੀ ਨੌਜਵਾਨਾਂ ਨੂੰ ਲੁਭਾਉਣ ਦੀ ਇਕ ਨਵੀਂ ਸਾਜ਼ਿਸ਼ ਦੇ ਰੂਪ 'ਚ ਵੇਖਿਆ ਜਾ ਰਿਹਾ ਹੈ।

ਯੂਜੀਸੀ ਨੇ ਮਨੁੱਖੀ ਵਸੀਲੇ ਵਿਕਾਸ ਮੰਤਰਲੇ ਦੀ ਰਿਪੋਰਟ 'ਤੇ ਇਸ ਨੂੰ ਲੈ ਕੇ ਇਕ ਅਡਵਾਇਜ਼ਰੀ ਵੀ ਜਾਰੀ ਕੀਤੀ ਹੈ ਜਿਸ 'ਚ ਕਿਹਾ ਗਿਆ ਹੈ ਕਿ ਮਕਬੂਜ਼ਾ ਕਸ਼ਮੀਰ 'ਚ ਕੁਝ ਅਜਿਹੇ ਫ਼ਰਜ਼ੀ ਉੱਚ ਸਿੱਖਿਆ ਸੰਸਥਾਨ ਚਲਾਏ ਜਾ ਰਹੇ ਹਨ, ਜੋ ਭਾਰਤੀ ਵਿਦਿਆਰਥੀਆਂ ਨੂੰ ਇਨ੍ਹਾਂ ਸੰਸਥਾਵਾਂ 'ਚ ਦਾਖਲਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਦੀ ਡਿਗਰੀ ਪੂਰੀ ਤਰ੍ਹਾਂ ਫ਼ਰਜ਼ੀ ਹੈ। ਇਨ੍ਹਾਂ 'ਚ ਯੂਨੀਵਰਸਿਟੀਆਂ, ਮੈਡੀਕਲ ਕਾਲਜ ਅਤੇ ਇੰਜੀਨੀਅਰਿੰਗ ਕਾਲਜ ਵਰਗੇ ਫ਼ਰਜ਼ੀ ਸੰਸਥਾਨ ਸ਼ਾਮਲ ਹਨ।

ਯੂਜੀਸੀ ਨਾਲ ਜੁੜੇ ਅਧਿਕਾਰੀਆਂ ਅਨੁਸਾਰ, ਪਹਿਲੀ ਵਾਰ ਉਨ੍ਹਾਂ ਵੱਲੋਂ ਇਸ ਤਰ੍ਹਾਂ ਦੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਰਿਪੋਰਟ ਅਨੁਸਾਰ, ਮਕਬੂਜ਼ਾ ਕਸ਼ਮੀਰ 'ਚ ਭਾਰਤੀ ਨਾਵਾਂ ਨਾਲ ਮਿਲਦੇ-ਜੁਲਦੇ ਕਈ ਉੱਚ ਸਿੱਖਿਆ ਸੰਸਥਾਨਾਂ ਨੂੰ ਖੋਲ੍ਹਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਵੈਬਸਾਈਟ ਦੇ ਜ਼ਰੀਏ ਇਨ੍ਹਾਂ 'ਚ ਦਾਖਲੇ ਲਈ ਵਿਦਿਆਰਥੀਆਂ ਨੂੰ ਢੇਰ ਸਾਰੇ ਲੁਭਾਵਣੇ ਆਫ਼ਰ ਦਿੱਤੇ ਜਾ ਰਹੇ ਹਨ।

ਸੂਤਰਾਂ ਦੀ ਮੰਨੀਏ ਤਾਂ ਭਾਰਤੀ ਵਿਦਿਆਰਥੀਆਂ ਨੂੰ ਪਾਕਿਸਤਾਨ ਦੀ ਇਸ ਸਾਜ਼ਿਸ਼ ਤੋਂ ਬਚਾਉਣ ਲਈ ਪਹਿਲਾਂ ਤੋਂ ਚੌਕਸ ਕੀਤਾ ਜਾ ਰਿਹਾ ਹੈ। ਨਾਲ ਹੀ ਇਨ੍ਹਾਂ ਵੈਬਸਾਈਟਾਂ ਤੋਂ ਸਰਚ ਕਰਨ ਵਾਲੇ ਵਿਦਿਆਰਥੀਆਂ 'ਤੇ ਨਜ਼ਰ ਵੀ ਰੱਖੀ ਜਾ ਰਹੀ ਹੈ।

Posted By: Jagjit Singh