ਜੇਐੱਨਐੱਨ, ਪੁਣਛ : ਜੰਮੂ-ਕਸ਼ਮੀਰ 'ਚ ਗਣਤੰਤਰ ਦਿਵਸ ਸਮਾਗਮ ਵਿਚ ਰੁਕਾਵਟ ਪਾਉਣ ਲਈ ਪਾਕਿਸਤਾਨ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਲਈ ਪੂਰੀ ਤਾਕਤ ਲਗਾ ਰਿਹਾ ਹੈ ਪਰ ਉਸ ਦੇ ਹਰ ਹਥਕੰਡੇ ਨੂੰ ਭਾਰਤੀ ਸੁਰੱਖਿਆ ਬਲ ਨਾਕਾਮ ਕਰ ਰਹੇ ਹਨ। ਐਤਵਾਰ ਨੂੰ ਵੀ ਪੁਣਛ ਜ਼ਿਲ੍ਹੇ ਦੇ ਦੇਗਵਾਰ ਸੈਕਟਰ ਵਿਚ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਲਈ ਪਾਕਿਸਤਾਨ ਨੇ ਗੋਲ਼ਾਬਾਰੀ ਕੀਤੀ। ਕਠੂਆ ਜ਼ਿਲ੍ਹੇ ਦੇ ਹੀਰਾਨਗਰ ਸੈਕਟਰ ਵਿਚ ਵੀ ਗੋਲ਼ੇ ਦਾਗੇ ਗਏ।

ਕੰਟਰੋਲ ਲਾਈਨ ਅਤੇ ਕੌਮਾਂਤਰੀ ਸਰਹੱਦ 'ਤੇ ਅਸ਼ਾਂਤੀ ਪੈਦਾ ਕਰਨ ਅਤੇ ਅੱਤਵਾਦੀਆਂ ਨੂੰ ਭਾਰਤੀ ਖੇਤਰ ਵਿਚ ਧੱਕਣ ਲਈ ਪਾਕਿਸਤਾਨ ਆਏ ਦਿਨ ਨਵੀਆਂ ਚਾਲਾਂ ਚੱਲਦਾ ਰਹਿੰਦਾ ਹੈ। ਉਸ ਨੇ ਲਾਂਚਿੰਗ ਪੈਡ 'ਤੇ 400 ਤੋਂ ਜ਼ਿਆਦਾ ਅੱਤਵਾਦੀਆਂ ਨੂੰ ਬਿਠਾ ਰੱਖਿਆ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਮਕਬੂਜ਼ਾ ਕਸ਼ਮੀਰ ਵਿਚ ਹਨ। ਇਸੇ ਸਾਜ਼ਿਸ਼ ਤਹਿਤ ਐਤਵਾਰ ਸ਼ਾਮ ਕਰੀਬ 5.10 ਵਜੇ ਪਾਕਿਸਤਾਨੀ ਫ਼ੌਜੀਆਂ ਨੇ ਦੇਗਵਾਰ ਸੈਕਟਰ ਦੇ ਮਾਲਟੀ ਇਲਾਕੇ ਵਿਚ ਗੋਲ਼ਾਬਾਰੀ ਕੀਤੀ।

ਇਸ ਦੀ ਆੜ ਵਿਚ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਭਾਰਤੀ ਫ਼ੌਜ ਨੇ ਉਸ ਨੂੰ ਕਰਾਰਾ ਜਵਾਬ ਦਿੱਤਾ ਤਾਂ ਕੰਟਰੋਲ ਲਾਈਨ ਤੋਂ ਪਾਰ ਤੋਂ ਰਿਹਾਇਸ਼ੀ ਇਲਾਕਿਆਂ ਵਿਚ ਵੀ ਛੋਟੇ ਹਥਿਆਰਾਂ ਤੋਂ ਗੋਲ਼ਾਬਾਰੀ ਕੀਤੀ ਗਈ। ਇਸ ਦੌਰਾਨ ਮੋਰਟਾਰ ਵੀ ਦਾਗੇ ਗਏ। ਉਥੇ, ਹੀਰਾਨਗਰ ਸੈਕਟਰ ਦੇ ਬੋਬੀਆ ਵਿਚ ਪਾਕਿਸਤਾਨੀ ਰੇਂਜਰਾਂ ਨੇ ਮੋਰਟਾਰ ਦਾਗੇ। ਮਸ਼ੀਨਗੰਨਾਂ ਨਾਲ ਵੀ ਗੋਲ਼ੀਆਂ ਦਾਗੀਆਂ। ਕੁਝ ਗੋਲ਼ੀਆਂ ਪਿੰਡ 'ਚ ਘਰਾਂ ਦੀਆਂ ਕੰਧਾਂ ਵਿਚ ਵੀ ਲੱਗੀਆਂ ਹਨ।