ਜੇਐੱਨਐੱਨ, ਰਾਜੌਰੀ : ਪਾਕਿਸਤਾਨੀ ਫ਼ੌਜ ਨੇ ਵੀਰਵਾਰ ਨੂੰ ਵੀ ਕੰਟਰੋਲ ਲਾਈਨ (ਐੱਲਓਸੀ) ਤੋਂ ਲੈ ਕੇ ਕੌਮਾਂਤਰੀ ਸਰਹੱਦ (ਆਈਬੀ) ਤਕ ਭਾਰੀ ਗੋਲਾਬਾਰੀ ਕੀਤੀ। ਇਸ ਗੋਲਾਬਾਰੀ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਾਕਿਸਤਾਨੀ ਫ਼ੌਜ ਨੇ ਵੀਰਵਾਰ ਦੁਪਹਿਰ ਲਗਪਗ ਡੇਢ ਵਜੇ ਪੁਣਛ ਜ਼ਿਲ੍ਹੇ ਦੇ ਦੇਗਵਾਰ ਸੈਕਟਰ 'ਚ ਫ਼ੌਜ ਦੀਆਂ ਮੋਹਰੀ ਚੌਕੀਆਂ ਨੂੰ ਨਿਸ਼ਾਨਾ ਬਣਾਉਣ ਦੇ ਨਾਲ ਰਿਹਾਇਸ਼ੀ ਇਲਾਕਿਆਂ 'ਚ ਗੋਲਾਬਾਰੀ ਸ਼ੁਰੂ ਕਰ ਦਿੱਤੀ। ਸੂੁਤਰਾਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਫ਼ੌਜ ਅੱਤਵਾਦੀਆਂ ਦੇ ਸਮੂਹ ਨੂੰ ਭਾਰਤੀ ਇਲਾਕੇ 'ਚ ਘੁਸਪੈਠ ਕਰਵਾਉਣ ਲਈ ਗੋਲਾਬਾਰੀ ਕਰ ਰਹੀ ਹੈ। ਗੋਲਾਬਾਰੀ ਨਾਲ ਸਰਹੱਦੀ ਇਲਾਕਿਆਂ 'ਚ ਰਹਿਣ ਵਾਲਿਆਂ 'ਚ ਦਹਿਸ਼ਤ ਦਾ ਮਾਹੌਲ ਹੈ। ਦੂਜੇ ਪਾਸੇ ਕਠੂਆ ਜ਼ਿਲ੍ਹਾ ਦੇ ਹੀਰਾਨਗਰ ਸੈਕਟਰ ਦੇ ਮਨਯਾਰੀ ਪਾਨਸਰ ਪਿੰਡਾਂ 'ਚ ਪਾਕਿਸਤਾਨੀ ਰੇਂਜਰਸ ਨੇ ਬੁੱਧਵਾਰ ਰਾਤ ਸਾਢੇ ਨੌਂ ਵਜੇ ਤੋਂ ਵੀਰਵਾਰ ਸਵੇਰੇ ਪੰਜ ਵਜੇ ਤਕ ਮੋਰਟਾਰ ਤੇ ਮਸ਼ੀਨਗਨਾਂ ਨਾਲ ਗੋਲਾਬਾਰੀ ਕੀਤੀ। ਪਾਕਿ ਰੇਂਜਰਸ ਨੇ ਤਾਰਬੰਦੀ 'ਤੇ ਸੁਰੱਖਿਆ ਬੰਨ੍ਹ ਦੇ ਨਿਰਮਾਣ ਕਾਰਜ ਨੂੰ ਰੋਕਣ ਲਈ ਬੀਕਾ ਚੱਕ ਪੋਸਟ ਤੋਂ ਦਰਜਨਾਂ ਮੋਰਟਾਰ ਦਾਗੇ, ਜੋ ਜ਼ਿਆਦਾਤਰ ਖੇਤਾਂ 'ਚ ਡਿੱਗੇ।

ਗੋਲਾਬਾਰੀ ਨਾਲ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਬੀਐੱਸਐੱਫ ਦੇ ਜਵਾਨਾਂ ਨੇ ਵੀ ਗੋਲਾਬਾਰੀ ਕਰ ਕੇ ਮੁੂੰਹਤੋੜ ਜਵਾਬ ਦਿੱਤਾ। ਬਾਅਦ 'ਚ ਬੀਐੱਸਐੱਫ ਦੀ 19 ਬਟਾਲੀਅਨ ਦੇ ਫਕੀਰਾ ਪੋਸਟ ਨੇੜੇ 82 ਐੱਮਐੱਮ ਦਾ ਇਕ ਮੋਰਟਾਰ ਬਰਾਮਦ ਕੀਤਾ, ਜੋ ਫਟਿਆ ਨਹੀਂ ਸੀ।