ਨਵੀਂ ਦਿੱਲੀ (ਏਜੰਸੀ) : ਭਾਰਤ ਨੇ ਪਾਕਿਸਤਾਨ ਵੱਲੋਂ ਡਾਕ ਸੇਵਾ 'ਤੇ ਲਗਾਈ ਗਈ ਇਕਪਾਸੜ ਰੋਕ ਦੀ ਸਖ਼ਤ ਨਿੰਦਾ ਕਰਦੇ ਹੋਏ ਇਸ ਨੂੰ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਦੱਸਿਆ ਗਿਆ ਹੈ। ਇਹ ਪਹਿਲਾ ਮੌਕਾ ਹੈ ਜਦ ਪਾਕਿਸਤਾਨ ਨੇ ਚਿੱਠੀਆਂ ਦੇ ਆਦਾਨ-ਪ੍ਰਦਾਨ 'ਤੇ ਰੋਕ ਲਗਾਈ ਹੈ। ਵੰਡ ਅਤੇ ਜੰਗਾਂ ਦੌਰਾਨ ਵੀ ਅਜਿਹਾ ਨਹੀਂ ਹੋਇਆ।

ਸੰਚਾਰ ਤੇ ਸੂਚਨਾ ਤਕਨੀਕੀ ਮੰਤਰੀ ਰਵੀਸ਼ੰਕਰ ਪ੍ਰਸ਼ਾਦ ਨੇ ਪਾਕਿਸਤਾਨ ਨੂੰ ਤਾੜਨਾ ਲਗਾਉਂਦੇ ਹੋਏ ਕਿਹਾ ਕਿ ਪਾਕਿਸਤਾਨ ਨੇ ਡਾਕ ਸੇਵਾ ਇਕਪਾਸੜ ਅਤੇ ਬਿਨਾਂ ਕਿਸੇ ਪਹਿਲਾਂ ਸੂਚਨਾ ਦੇ ਰੋਕੀ ਹੈ। ਇਕ ਪ੍ਰੋਗਰਾਮ ਦੌਰਾਨ ਪ੍ਰਸ਼ਾਦ ਨੇ ਕਿਹਾ, 'ਪਾਕਿਸਤਾਨ ਦਾ ਇਹ ਫ਼ੈਸਲਾ ਵਿਸ਼ਵ ਡਾਕ ਸੰਗਠਨ ਦੇ ਨਿਯਮਾਂ ਦੀ ਸਿੱਧੀ-ਸਿੱਧੀ ਉਲੰਘਣਾ ਹੈ ਪਰ ਪਾਕਿਸਤਾਨ ਤਾਂ ਪਾਕਿਸਤਾਨ ਹੈ।' ਕੇਂਦਰੀ ਮੰਤਰੀ ਨੇ ਕਿਹਾ, 'ਵਿਸ਼ਵ ਡਾਕ ਸੰਗਠਨ ਦੀ ਇਕ ਪ੍ਰਣਾਲੀ ਹੈ ਅਤੇ ਸਾਰੇ ਉਸ ਦੇ ਅੰਦਰ ਕੰਮ ਕਰਦੇ ਹਨ। ਪਾਕਿਸਤਾਨ ਨੇ ਦੋ ਮਹੀਨੇ ਤੋਂ ਡਾਕ ਸੇਵਾ ਬੰਦ ਕਰ ਰੱਖੀ ਹੈ। ਪਾਕਿਸਤਾਨ ਨੇ ਰੋਕ ਲਗਾ ਦਿੱਤੀ ਹੈ ਤਾਂ ਸਾਡੇ ਡਾਕ ਵਿਭਾਗ ਦੇ ਅਧਿਕਾਰੀਆਂ ਨੇ ਵੀ ਅਜਿਹਾ ਹੀ ਕਦਮ ਚੁੱਕਣ ਦੀ ਸੋਚੀ ਹੈ...।'

ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ 27 ਅਗਸਤ ਤੋਂ ਹੁਣ ਤਕ ਭਾਰਤ ਵੱਲੋਂ ਭੇਜੀ ਗਈ ਡਾਕ ਸੇਵਾ ਦੀ ਕਿਸੇ ਵੀ ਖੇਪ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ।