ਜੇਐੱਨਐੱਨ, ਹੀਰਾਨਗਰ : ਪਾਕਿਸਤਾਨੀ ਰੇਂਜਰਾਂ ਨੇ ਤਿੰਨ ਦਿਨਾਂ ਬਾਅਦ ਫਿਰ ਤੋਂ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਹੀਰਾਨਗਰ ਸੈਕਟਰ ਦੇ ਚਕ ਚੰਗਾ ਅਤੇ ਛੰਨਟਾਂਡਾ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਗੋਲ਼ਾਬਾਰੀ ਕੀਤੀ।

ਬੀਐੱਸਐੱਫ ਦੇ ਜਵਾਨਾਂ ਨੇ ਵੀ ਗੋਲ਼ਾਬਾਰੀ ਦਾ ਮੂੰਹਤੋੜ ਜਵਾਬ ਦਿੱਤਾ। ਪਾਕਿ ਰੇਂਜਰਾਂ ਨੇ ਸ਼ਨਿਚਰਵਾਰ ਦੇਰ ਰਾਤ ਪੱਪੂ ਚੈੱਕ ਪੋਸਟ ਤੋਂ ਗੋਲ਼ਾਬਾਰੀ ਸ਼ੁਰੂ ਕਰ ਦਿੱਤੀ, ਜਿਹੜੀ ਐਤਵਾਰ ਸਵੇਰੇ ਸਾਢੇ ਚਾਰ ਵਜੇ ਤਕ ਜਾਰੀ ਰਹੀ।

ਇਸ ਦੌਰਾਨ ਪਾਕਿ ਰੇਂਜਰਾਂ ਨੇ ਗੋਲ਼ੀਬਾਰੀ ਦੇ ਨਾਲ 81 ਤੇ 51 ਐੱਮਐੱਮ ਦੇ ਮੋਰਟਾਰ ਦਾਗੇ, ਜਿਹੜੇ ਪਿੰਡਾਂ ਦੇ ਬਾਹਰ ਖੇਤਾਂ ਵਿਚ ਡਿੱਗੇ। ਮੋਰਟਾਰ ਨਾਲ ਜਾਨਮਾਲ ਦਾ ਨੁਕਸਾਨ ਤਾਂ ਨਹੀਂ ਹੋਇਆ ਪਰ ਲੋਕਾਂ ਨੇ ਪੂਰੀ ਰਾਤ ਦਹਿਸ਼ਤ ਵਿਚ ਗੁਜ਼ਾਰੀ। ਗੋਲ਼ਾਬਾਰੀ ਦੇ ਖ਼ਦਸ਼ੇ ਨਾਲ ਲੋਕ ਪਹਿਲਾਂ ਹੀ ਬੰਕਰਾਂ ਦੇ ਅੰਦਰ ਚਲੇ ਗਏ ਸਨ, ਜਿਸ ਕਾਰਨ ਉਹ ਸੁਰੱਖਿਅਤ ਰਹੇ।

ਗੋਲ਼ਾਬਾਰੀ ਬੰਦ ਹੋਣ ਤੋਂ ਬਾਅਦ ਸਵੇਰੇ ਚੌਕੀ ਇੰਚਾਰਜ ਚਕੜਾ ਨਰਿੰਦਰ ਸਿੰਘ ਦੀ ਅਗਵਾਈ ਵਿਚ ਪੁਲਿਸ ਮੁਲਾਜ਼ਮਾਂ ਅਤੇ ਸਪੈਸ਼ਲ ਆਪ੍ਰਰੇਸ਼ਨ ਗਰੁੱਪ (ਐੱਸਓਜੀ) ਦੇ ਜਵਾਨਾਂ ਨੇ ਪਿੰਡ ਵਿਚ ਤਲਾਸ਼ੀ ਮੁਹਿੰਮ ਚਲਾਈ।