ਜੇਐੱਨਐੱਨ, ਜੰਮੂ : ਮਕਬੂਜ਼ਾ ਕਸ਼ਮੀਰ 'ਚ ਭਾਰਤ ਦੀ ਜਵਾਬੀ ਕਾਰਵਾਈ ਤੋਂ ਪਾਕਿਸਤਾਨ ਨਿਰਾਸ਼ ਤੇ ਡਰਿਆ ਹੋਇਆ ਹੈ। ਇਸ ਲਈ ਹੁਣ ਉਹ ਭਾਰਤ ਦੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਲੱਗਾ ਹੈ।

ਮੰਗਲਵਾਰ ਨੂੰ ਪਾਕਿਸਤਾਨੀ ਫ਼ੌਜ ਨੇ ਕੰਟਰੋਲ ਲਾਈਨ 'ਤੇ ਪੁਣਛ ਜ਼ਿਲ੍ਹੇ ਦੇ ਬਾਲਾਕੋਟ ਸੈਕਟਰ ਦੇ ਕਈ ਪਿੰਡਾਂ ਵਿਚ ਭਾਰੀ ਗੋਲ਼ਾਬਾਰੀ ਕੀਤੀ ਜਿਸ ਵਿਚ ਇਕ ਸਥਾਨਕ ਔਰਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਇਸ ਤੋਂ ਬਾਅਦ ਭਾਰਤੀ ਫ਼ੌਜ ਨੇ ਵੀ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਜਿਸ ਨਾਲ ਸਰਹੱਦ ਪਾਰ ਵੀ ਕਾਫ਼ੀ ਨੁਕਸਾਨ ਹਣ ਦੀ ਸੂਚਨਾ ਹੈ।

ਏਧਰ ਕੌਮਾਂਤਰੀ ਸਰਹੱਦ 'ਤੇ ਪਾਕਿਸਤਾਨੀ ਰੇਂਜਰਸ ਨੇ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਸੈਕਟਰ ਦੇ ਕਈ ਪਿੰਡਾਂ ਨੂੰ ਨਿਸ਼ਾਨਾ ਬਣਾਇਆ। ਸੋਮਵਾਰ ਰਾਤ ਸ਼ੁਰੂ ਹੋਇਆ ਮੋਰਟਾਰ ਦਾਗਣ ਦਾ ਸਿਲਸਿਲਾ ਮੰਗਲਵਾਰ ਤੜਕੇ ਚਾਰ ਵਜੇ ਤਕ ਚੱਲਿਆ ਹਾਲਾਂਕਿ ਇਸ ਨਾਲ ਕੋਈ ਨੁਕਸਾਨ ਨਹੀਂ ਹੋਇਆ। ਬੀਐੱਸਐੱਫ ਨੇ ਵੀ ਪਾਕਿ ਰੇਂਜਰਸ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ।

ਪਾਕਿਸਤਾਨੀ ਫ਼ੌਜ ਨੇ ਦੁਪਹਿਰ ਕਰੀਬ 12 ਵਜੇ ਬਾਲਾਕੋਟ 'ਚ ਡੇਰੀ ਡਬੱਸੀ, ਗੋਲਦ, ਬਾਲਾਕੋਟ, ਪੰਜਾਨੀ, ਬਰੂਟਾ ਆਦਿ ਪਿੰਡਾਂ 'ਤੇ ਅਚਾਨਕ ਮੋਰਟਾਰ ਦਾਗਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਇਕ ਮੋਰਟਾਰ ਗੋਲਦ ਪਿੰਡ ਦੇ ਇਕ ਘਰ 'ਤੇ ਆਣ ਡਿੱਗਾ। ਇਸ ਨਾਲ ਫੂਲ ਜਹਾਨ ਪਤਨੀ ਕਾਲਾ ਖ਼ਾਨ ਜ਼ਖ਼ਮੀ ਹੋ ਗਈ।

ਔਰਤ ਨੂੰ ਉਪ ਜ਼ਿਲ੍ਹਾ ਹਸਪਤਾਲ ਮੇਂਢਰ 'ਚ ਲਿਜਾਇਆ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਮੈਡੀਕਲ ਕਾਲਜ ਰਾਜੌਰੀ ਰੈਫਰ ਕਰ ਦਿੱਤਾ ਗਿਆ। ਇਸੇ ਦੌਰਾਨ ਹੀਰਾਨਗਰ ਸੈਕਟਰ 'ਚ ਸਰਹੱਦ 'ਤੇ ਪਾਕਿ ਗੋਲ਼ਾਬਾਰੀ ਤੋਂ ਬਾਅਦ ਜੰਮੂ-ਕਸ਼ਮੀਰ ਪੁਲਿਸ ਨੇ ਵੀ ਘੁਸਪੈਠ ਦੇ ਖ਼ਦਸ਼ੇ ਨੂੰ ਦੇਖਦਿਆਂ ਚੌਕਸੀ ਵਧਾ ਦਿੱਤੀ ਹੈ। ਉਧਰ ਫ਼ੌਜ ਨੇ ਮੰਗਲਵਾਰ ਨੂੰ ਪੁਣਛ ਦੇ ਖੜੀ ਕਰਮਾੜਾ ਖੇਤਰ ਵਿਚ ਪਾਕਿ ਫ਼ੌਜ ਵੱਲੋਂ ਕੁਝ ਦਿਨ ਪਹਿਲਾਂ ਦਾਗੇ ਗਏ 120 ਐੱਮਐੱਮ ਦੇ ਮੋਰਟਾਰਾਂ ਨੂੰ ਨਸ਼ਟ ਕੀਤਾ।