ਜੇਐੱਨਐੱਨ, ਰਾਜੌਰੀ : ਭਾਰਤ ਦੀ ਕਰਾਰੀ ਜਵਾਬੀ ਕਾਰਵਾਈ ਤੋਂ ਬਾਅਦ ਵੀ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਪਾਕਿਸਤਾਨੀ ਫ਼ੌਜ ਨੇ ਬੁੱਧਵਾਰ ਸਵੇਰੇ ਮੁੜ ਕੰਟਰੋਲ ਲਾਈਨ (ਐੱਲਓਸੀ) 'ਤੇ ਰਾਜੌਰੀ ਦੇ ਕੇਰੀ ਸੈਕਟਰ 'ਚ ਭਾਰੀ ਗੋਲ਼ਾਬਾਰੀ ਕੀਤੀ। ਜਾਣਕਾਰੀ ਅਨੁਸਾਰ ਪਾਕਿਸਤਾਨ ਨੇ ਪਹਿਲਾਂ ਫ਼ੌਜ ਦੀਆਂ ਸਰਹੱਦੀ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਹਲਕੇ ਹਥਿਆਰਾਂ ਨਾਲ ਗੋਲ਼ਾਬਾਰੀ ਕੀਤੀ। ਜਿਉਂ ਹੀ ਭਾਰਤੀ ਫ਼ੌਜ ਨੇ ਜਵਾਬੀ ਕਾਰਵਾਈ ਸ਼ੁਰੂ ਕੀਤੀ ਤਾਂ ਪਾਕਿਸਤਾਨੀ ਫ਼ੌਜ ਨੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਮੋਰਟਾਰ ਦਾਗਣੇ ਸ਼ੁਰੂ ਕਰ ਦਿੱਤੇ। ਕਈ ਮੋਰਟਾਰ ਪਿੰਡਾਂ ਵਿਚ ਡਿੱਗੇ ਪਰ ਕੋਈ ਨੁਕਸਾਨ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਲੰਘੇ ਮੰਗਲਵਾਰ ਨੂੰ ਵੀ ਪਾਕਿ ਫ਼ੌਜ ਨੇ ਘੁਸਪੈਠ ਕਰਵਾਉਣ ਲਈ ਪੁਣਛ ਦੇ ਚਾਰ ਸੈਕਟਰਾਂ 'ਚ ਭਾਰੀ ਗੋਲ਼ਾਬਾਰੀ ਕੀਤੀ ਸੀ। ਭਾਰਤੀ ਫ਼ੌਜ ਦੀ ਜਵਾਬੀ ਕਾਰਵਾਈ 'ਚ ਪਾਕਿ ਫ਼ੌਜ ਦੀਆਂ ਤਿੰਨ ਚੌਕੀਆਂ ਤਬਾਹ ਹੋ ਗਈਆਂ ਸਨ ਤੇ ਤਿੰਨ ਜਵਾਨ ਵੀ ਮਾਰੇ ਗਏ ਸਨ।