ਜੇਐੱਨਐੱਨ, ਜੰਮੂ : ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਭਾਰਤੀ ਫ਼ੌਜ ਵੱਲੋਂ ਐਤਵਾਰ ਨੂੰ ਸਵੇਰੇ ਟੰਗਡਾਰ ਸੈਕਟਰ ਤੋਂ ਗੁਲਾਮ ਕਸ਼ਮੀਰ ਵਿਚ ਅੱਤਵਾਦੀ ਟਿਕਾਣਿਆਂ 'ਤੇ ਕੀਤੀ ਗਈ ਵੱਡੀ ਕਾਰਵਾਈ ਤੋਂ ਬਾਅਦ ਪਾਕਿਸਤਾਨੀ ਫ਼ੌਜ ਨੇ ਸੋਮਵਾਰ ਨੂੰ ਫਿਰ ਤੋਂ ਪੁੰਛ ਵਿਚ ਕੰਟਰੋਲ ਰੇਖਾ 'ਤੇ ਭਾਰੀ ਗੋਲ਼ਾਬਾਰੀ ਸ਼ੁਰੂ ਕਰ ਦਿੱਤੀ।

ਭਾਰਤੀ ਫ਼ੌਜ ਨੇ ਵੀ ਪਾਕਿਸਤਾਨ ਫ਼ੌਜ ਨੂੰ ਮੂੁੰਹ ਤੋੜ ਜਵਾਬ ਦਿੱਤਾ। ਪਾਕਿਸਤਾਨ ਫ਼ੌਜ ਨੇ ਐਤਵਾਰ ਦੇਰ ਰਾਤ ਨੂੰ ਹੀ ਰਾਜੌਰੀ ਦੇ ਨੌਸ਼ਹਿਰਾ ਦੇ ਭਵਾਨੀ ਸੈਕਟਰ ਵਿਚ ਗੋਲਾਬਾਰੀ ਸ਼ੁਰੂ ਕਰ ਦਿੱਤੀ ਸੀ। ਸੋਮਵਾਰ ਸ਼ਾਮ ਕਰੀਬ ਚਾਰ ਵਜੇ ਪਾਕਿਸਤਾਨ ਨੇ ਪੁੰਛ ਦੇ ਕਿਰਨੀ ਅਤੇ ਸ਼ਾਹਪੁਰ ਸੈਕਟਰ ਵਿਚ ਵੀ ਭਾਰੀ ਗੋਲ਼ਾਬਾਰੀ ਸ਼ੁਰੂ ਕਰ ਦਿੱਤੀ।

ਪਾਕਿਸਤਾਨ ਫ਼ੌਜ ਨੇ ਪਹਿਲਾ ਫ਼ੌਜ ਦੀ ਸਰਹੱਦੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਤੋਂ ਬਾਅਦ ਰਿਹਾਇਸ਼ੀ ਖੇਤਰਾਂ 'ਤੇ ਮੋਰਟਾਰ ਦਾਗ਼ਣੇੇ ਸ਼ੁਰੂ ਕਰ ਦਿੱਤੇ। ਪਾਕਿਸਤਾਨ ਦੀ ਇਸ ਸਾਜ਼ਿਸ਼ ਤੋਂ ਪਹਿਲਾ ਤੋਂ ਹੀ ਅਲਰਟ ਭਾਰਤੀ ਫ਼ੌਜ ਨੇ ਉਸ ਨੂੰ ਕੜਾ ਜਵਾਬ ਦੇਣਾ ਸ਼ੁਰੂ ਕਰ ਦਿੱਤਾ। ਦੇਰ ਸ਼ਾਮ ਤਕ ਦੋਵੇਂ ਪਾਸਿਆਂ ਤੋਂ ਜਾਰੀ ਗੋਲ਼ਾਬਾਰੀ ਵਿਚ ਫਿਲਹਾਲ ਕਿਸੇ ਨੁਕਸਾਨ ਦੀ ਸੂਚਨਾ ਨਹੀਂ ਹੈ। ਸੂਤਰਾਂ ਅਨੁਸਾਰ ਪਾਕਿ ਫ਼ੌਜ ਗੋਲ਼ਾਬਾਰੀ ਦੀ ਆੜ ਵਿਚ ਅੱਤਵਾਦੀਆਂ ਦੇ ਦਲ ਨੂੰ ਭਾਰਤੀ ਖੇਤਰ ਵਿਚ ਦਾਖ਼ਲ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਜਿਸ ਨੂੰ ਭਾਰਤੀ ਫ਼ੌਜ ਨੇ ਨਾਕਾਮ ਬਣਾ ਦਿੱਤਾ।

ਐਤਵਾਰ ਨੂੰ ਕੀਤੀ ਸੀ ਵੱਡੀ ਕਾਰਵਾਈ

ਜ਼ਿਕਰਯੋਗ ਹੈ ਕਿ ਭਾਰਤੀ ਫ਼ੌਜ ਨੇ ਆਪਣੇ ਕੜੇ ਹਮਲੇ ਨਾਲ ਐਤਵਾਰ ਨੂੰ ਮਕਬੂਜ਼ਾ ਕਸ਼ਮੀਰ ਦੀ ਲੀਪਾ ਅਤੇ ਨੀਲਮ ਘਾਟੀ ਵਿਚ ਚਾਰ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ। ਇਸ ਵਿਚ ਪਾਕਿਸਤਾਨ ਫ਼ੌਜ ਦੇ ਕਰੀਬ 10 ਫ਼ੌਜੀਆਂ ਅਤੇ 20 ਤੋਂ ਜ਼ਿਆਦਾ ਅੱਤਵਾਦੀ ਵੀ ਮਾਰੇ ਗਏ ਸਨ। ਅਜਿਹਾ ਕਰ ਕੇ ਭਾਰਤੀ ਫ਼ੌਜ ਨੇ ਚੰਦ ਘੰਟਿਆਂ ਵਿਚ ਆਪਣੇ ਦੋ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਵੀ ਲੈ ਲਿਆ ਸੀ।