ਜੇਐੱਨਐੱਨ, ਪੁਣਛ : ਪਾਕਿਸਤਾਨੀ ਫ਼ੌਜ ਨੇ ਸੋਮਵਾਰ ਦੁਪਹਿਰ ਨੂੰ ਪੁਣਛ ਜ਼ਿਲ੍ਹੇ ਦੇ ਬਾਲਾਕੋਟ ਅਤੇ ਸ਼ਾਹਪੁਰ ਕਿਰਨੀ ਸੈਕਟਰ ਵਿਚ ਜੰਗਬੰਦੀ ਦਾ ਉਲੰਘਣ ਕਰ ਕੇ ਭਾਰੀ ਗੋਲ਼ਾਬਾਰੀ ਕੀਤੀ। ਭਾਰਤੀ ਫ਼ੌਜ ਨੇ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦਿੱਤਾ। ਇਸ ਦੇ ਬਾਵਜੂਦ ਪਾਕਿਸਤਾਨੀ ਫ਼ੌਜ ਰੁੱਕ-ਰੁੱਕ ਕੇ ਭਾਰਤੀ ਖੇਤਰ ਵਿਚ ਦੇਰ ਰਾਤ ਤਕ ਗੋਲ਼ਾਬਾਰੀ ਕਰਦੀ ਰਹੀ।

ਜਾਣਕਾਰੀ ਅਨੁਸਾਰ, ਪਾਕਿਸਤਾਨ ਨੇ ਪਹਿਲੇ ਬਾਲਾਕੋਟ ਸੈਕਟਰ ਵਿਚ ਗੋਲ਼ਾਬਾਰੀ ਸ਼ੁਰੂ ਕਰ ਕੇ ਭਾਰਤ ਦੀਆਂ ਫ਼ੌਜੀ ਚੌਕੀਆਂ ਦੇ ਨਾਲ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ।

ਇਸ ਦੌਰਾਨ ਪਾਕਿਸਤਾਨੀ ਫ਼ੌਜ ਨੇ ਮੋਰਟਾਰ ਵੀ ਦਾਗੇ। ਭਾਰਤੀ ਫ਼ੌਜ ਨੇ ਜਦੋਂ ਜਵਾਬੀ ਕਾਰਵਾਈ ਸ਼ੁਰੂ ਕੀਤੀ ਤਾਂ ਕੁਝ ਹੀ ਸਮੇਂ ਬਾਅਦ ਸ਼ਾਹਪੁਰ ਕਿਰਨੀ ਸੈਕਟਰ ਵਿਚ ਗੋਲ਼ਾਬਾਰੀ ਸ਼ੁਰੂ ਕਰ ਦਿੱਤੀ ਗਈ। ਇਥੇ ਵੀ ਭਾਰਤੀ ਫ਼ੌਜ ਦੀਆਂ ਮੋਹਰੀ ਚੌਕੀਆਂ ਅਤੇ ਪੇਂਡੂ ਖੇਤਰਾਂ 'ਤੇ ਮੋਰਟਾਰ ਦਾਗੇ ਗਏ। ਪਾਕਿਸਤਾਨੀ ਫ਼ੌਜ ਇਸ ਗੋਲ਼ਾਬਾਰੀ ਦੀ ਆੜ ਵਿਚ ਦੋਵਾਂ ਸੈਕਟਰਾਂ ਵਿਚ ਘੁਸਪੈਠ ਕਰਵਾਉਣ ਦਾ ਯਤਨ ਕਰ ਰਹੀ ਸੀ ਜਿਸ ਨੂੰ ਭਾਰਤੀ ਫ਼ੌਜ ਨੇ ਨਾਕਾਮ ਬਣਾ ਦਿੱਤਾ।