ਜੇਐੱਨਐੱਨ, ਹੀਰਾਨਗਰ : ਜੰਮੂ ਦੇ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਸੈਕਟਰ ਵਿਚ ਪਾਕਿਸਤਾਨ ਨੇ ਬੁੱਧਵਾਰ ਨੂੰ ਰਾਤ ਭਰ ਗੋਲ਼ਾਬਾਰੀ ਕੀਤੀ। ਬੀਐੱਸਐੱਫ ਦੇ ਜਵਾਨਾਂ ਨੇ ਵੀ ਇਸ ਦਾ ਮੂੰਹਤੋੜ ਜਵਾਬ ਦਿੱਤਾ।

ਪਾਕਿਸਤਾਨ ਨੇ ਬੁੱਧਵਾਰ ਰਾਤ ਕਰੀਬ 10 ਵਜੇ ਹੀਰਾਨਗਰ ਦੇ ਪਾਨਸਰ ਅਤੇ ਰਠੂਆ ਪਿੰਡਾਂ ਵਿਚ ਮੋਰਟਾਰ ਦਾਗਣ ਦੇ ਨਾਲ ਛੋਟੇ ਹਥਿਆਰਾਂ ਨਾਲ ਗੋਲ਼ਾਬਾਰੀ ਕੀਤੀ ਜੋ ਤੜਕੇ ਸਾਢੇ ਚਾਰ ਵਜੇ ਤਕ ਰੁੱਕ-ਰੁੱਕ ਕੇ ਜਾਰੀ ਰਹੀ। ਹਾਲਾਂਕਿ ਇਸ ਨਾਲ ਕੋਈ ਨੁਕਸਾਨ ਨਹੀਂ ਹੋਇਆ ਹੈ। ਕਈ ਪੇਂਡੂਆਂ ਨੇ ਘਰ 'ਤੇ ਤੇ ਕੁਝ ਨੇ ਬੰਕਰਾਂ ਵਿਚ ਰਾਤ ਬਿਤਾਈ। ਪਾਕਿਸਤਾਨ ਪਿਛਲੇ ਕਈ ਦਿਨਾਂ ਤੋਂ ਰਾਤ ਹੁੰਦੇ ਹੀ ਕੌਮਾਂਤਰੀ ਸਰਹੱਦ ਦੇ ਨਾਲ ਲੱਗਦੇ ਰਿਹਾਇਸ਼ੀ ਖੇਤਰਾਂ ਵਿਚ ਗੋਲ਼ਾਬਾਰੀ ਸ਼ੁਰੂ ਕਰ ਦਿੰਦਾ ਹੈ। ਸੂਤਰਾਂ ਅਨੁਸਾਰ ਕੰਟਰੋਲ ਰੇਖਾ 'ਤੇ ਭਾਰੀ ਬਰਫ਼ਬਾਰੀ ਨਾਲ ਘੁਸਪੈਠ ਦੇ ਰਸਤੇ ਬੰਦ ਹੋਣ ਕਰ ਕੇ ਪਾਕਿਸਤਾਨ ਮੈਦਾਨੀ ਇਲਾਕਿਆਂ ਵਿਚ ਕੌਮਾਂਤਰੀ ਸਰਹੱਦ ਤੋਂ ਅੱਤਵਾਦੀਆਂ ਦੀ ਘੁਸਪੈਠ ਦੀ ਫਿਰਾਕ ਵਿਚ ਹੈ ਪ੍ਰੰਤੂ ਬੀਐੱਸਐੱਫ ਉਸ ਨੂੰ ਕਾਮਯਾਬ ਨਹੀਂ ਹੋਣ ਦੇ ਰਹੀ।