ਜੇਐੱਨਐੱਨ, ਭੁਬਨੇਸ਼ਵਰ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਐਤਵਾਰ ਨੂੰ ਓਡੀਸ਼ਾ 'ਚ ਖੁਰਦਾ ਜ਼ਿਲ੍ਹੇ ਦੇ ਵਰੁਣੇਈ 'ਚ ਪਾਇਕਾ ਬਗ਼ਾਵਤ ਦੇ 200 ਸਾਲ ਪੂਰੇ ਹੋਣ 'ਤੇ ਯਾਦਗਾਰ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਪਾਇਕਾ ਬਗ਼ਾਵਤ ਦੀ ਗੌਰਵਗਾਥਾ ਦਾ ਵਰਣਨ ਕੀਤਾ ਤੇ ਬਾਗ਼ੀਆਂ ਪ੍ਰਤੀ ਆਪਣੀ ਸ਼ਰਧਾਂਜਲੀ ਭੇਟ ਕੀਤੀ।

ਵਰੁਣੇਈ ਨੂੰ ਵੀਰਭੂਮ ਦੱਸਦਿਆਂ ਕਿਹਾ ਕਿ ਇਹ ਯਾਦਗਾਰ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਣਾ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਪਾਇਕਾ ਸਵਾਭੀਮਾਨੀ ਸਨ। ਉਨ੍ਹਾਂ ਨੇ ਬਕਸੀ ਜਗਬੰਧੂ ਦੀ ਅਗਵਾਈ 'ਚ ਅੰਗਰੇਜ਼ਾਂ ਖ਼ਿਲਾਫ਼ ਲੜਾਈ ਲੜੀ। ਰਾਸ਼ਟਰਪਤੀ ਨੇ ਕਿਹਾ ਕਿ ਪਾਇਕਾ ਬਗ਼ਾਵਤ 'ਚ ਓਡੀਸ਼ਾ ਦੇ ਸਾਰੇ ਵਰਗਾਂ ਦੇ ਲੋਕ ਸ਼ਾਮਲ ਸਨ।

ਇਹ ਯਾਦਗਾਰ ਦੁਨੀਆ ਨੂੰ ਪਾਇਕਾ ਸੰਸਕ੍ਰਿਤੀ ਨਾਲ ਜਾਣ-ਪਛਾਣ ਕਰਨ ਦਾ ਮੌਕਾ ਦੇਵੇਗੀ। ਰਾਸ਼ਟਰਪਤੀ ਨੇ ਪਾਇਕਾ ਯਾਦਗਾਰ ਦਾ ਨਿਰਮਾਣ ਕਰਵਾਉਣ ਲਈ ਮੁੱਖ ਮੰਤਰੀ ਨਵੀਨ ਪਟਨਾਇਕ ਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਇਹ ਸੀ ਪਾਇਕਾ ਬਗ਼ਾਵਤ

1817 'ਚ ਬਿ੍ਟਿਸ਼ ਈਸਟ ਇੰਡੀਆ ਕੰਪਨੀ ਦੀ ਸ਼ੋਸ਼ਣਕਾਰੀ ਨੀਤੀ ਖ਼ਿਲਾਫ਼ ਓਡੀਸ਼ਾ 'ਚ ਪਾਇਕਾ ਲੋਕਾਂ ਨੇ ਬਗ਼ਾਵਤ ਕੀਤੀ ਸੀ। ਇਹ ਹਥਿਆਰਬੰਦ, ਵੱਡੇ ਪੱਧਰ 'ਤੇ ਕੀਤੀ ਗਈ ਸੰਗਠਿਤ ਬਗ਼ਾਵਤ ਸੀ।

ਓਡੀਸ਼ਾ ਨੇ ਦਿੱਤਾ ਪੂਰੀ ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼

ਉਤਕਲ ਯੂਨੀਵਰਸਿਟੀ ਦੇ ਦੀਕਸ਼ਾ ਸਮਾਗਮ 'ਚ ਹਿੱਸਾ ਲੈਂਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਓਡੀਸ਼ਾ ਨੇ ਪੂਰੀ ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਹੈ।

ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਦੇਸ਼ ਦਾ ਮਾਣ ਵਧਾਇਆ ਹੈ। ਇਕ ਦਿਨ ਇਹ ਦੇਸ਼ 'ਚ ਉੱਚ ਸਿੱਖਿਆ ਦੇ ਖੇਤਰ 'ਚ ਪ੍ਰਮੁੱਖ ਸਿੱਖਿਆ ਅਦਾਰਾ ਬਣੇਗਾ। ਪੰਜ ਤੋਂ ਸੱਤ ਸਾਲ 'ਚ ਇਹ ਯੂਨੀਵਰਸਿਟੀ ਦੇਸ਼ ਦੀਆਂ ਸਰਬੋਤਮ ਯੂਨੀਵਰਸਟੀਆਂ 'ਚ ਸ਼ਾਮਿਲ ਹੋਵੇਗੀ। ਇਸ ਲਈ ਰਾਸ਼ਟਰਪਤੀ ਨੇ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ।