ਜਾਗਰਣ ਟੀਮ, ਨਵੀਂ ਦਿੱਲੀ/ਜਲੰਧਰ : ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਸਿਆਸਤ, ਕਲਾ, ਖੇਡ, ਸਾਹਿਤ ਤੇ ਹੋਰਨਾਂ ਖੇਤਰਾਂ ’ਚ ਪ੍ਰਾਪਤੀਆਂ ਹਾਸਲ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ’ਚ ਪੰਜਾਬ ਤੋਂ ਚਾਰ ਨੂੰ ਪਦਮਸ਼੍ਰੀ ਜਦਕਿ ਇਕ ਸ਼ਖ਼ਸੀਅਤ ਨੂੰ ਪਦਮ ਭੂੁਸ਼ਣ ਦਿੱਤਾ ਗਿਆ ਹੈ। ਪਠਾਨਕੋਟ ਤੋਂ ਸਮਾਜਿਕ ਕਾਰਕੁੰਨ ਬਾਬਾ ਇਕਬਾਲ ਸਿੰਘ ਤੇ ਰੂਪਨਗਰ ਦੇ ਪ੍ਰੇਮ ਸਿੰਘ, ਸਾਹਿਤ ਤੇ ਸਿੱਖਿਆ ਜਗਤ ’ਚ ਸ਼ਲਾਘਾਯੋਗ ਯੋਗਦਾਨ ਦੇਣ ਲਈ ਅੰਮ੍ਰਿਤਸਰ ਦੇ ਹਰਮੋਹਿੰਦਰ ਸਿੰਘ ਬੇਦੀ ਤੇ ਪਟਿਆਲਾ ਦੇ ਰਹਿਣ ਵਾਲੇ ਟ੍ਰੇਡ ਤੇ ਇੰਡਸਟਰੀ ਨਾਲ ਜੁੜੇ ਜਗਜੀਤ ਸਿੰਘ ਦਰਦੀ ਨੂੰ ਪਦਮਸ਼੍ਰੀ ਦਿੱਤਾ ਜਾਵੇਗਾ। ਕਲਾ ਖੇਤਰ ਨਾਲ ਜੁੜੇ ਅੰਮ੍ਰਿਤਸਰ ਦੇ ਗੁਰਮੀਤ ਬਾਬਾ ਨੂੰ ਮਰਨ ਉਪਰੰਤ ਪਦਮ ਭੂਸ਼ਣ ਪੁਰਸਕਾਰ ਦਿੱਤਾ ਗਿਆ ਹੈ।
ਪੱਛੜੇ ਵਰਗ ਤੋਂ ਆਉਣ ਵਾਲੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ, ਸਾਬਕਾ ਸੀਡੀਐੱਸ ਜਨਰਲ ਬਿਪਿਨ ਰਾਵਤ, ਉੱਤਰ ਪ੍ਰਦੇਸ਼ ਨਾਲ ਸਬੰਧ ਰੱਖਣ ਵਾਲੇ ਮਰਹੂਮ ਸਾਹਿਤਕਾਰ ਰਾਧੇਸ਼ਾਮ ਖੇਮਕਾ ਨੂੰ ਸਰਕਾਰ ਨੇ ਮਰਨ ਉਪਰੰਤ ਪਦਮ ਵਿਭੂਸ਼ਣ ਨਾਲ ਨਵਾਜਿਆ ਹੈ। ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ, ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਬੁੱਧਦੇਵ ਭੱਟਾਚਾਰੀਆ ਵਰਗੇ ਸਿਆਸੀ ਆਗੂਆਂ ਦੇ ਨਾਲ-ਨਾਲ ਗੂਗਲ ਦੇ ਸੀਈਓ ਸੁੰਦਰ ਪਿਚਾਈ ਤੇ ਮਾਈਕ੍ਰੋਸਾਫਟ ਦੇ ਸਤਯਾ ਨਾਡੇਲਾ ਸਮੇਤ ਕਈਆਂ ਨੂੰ ਪਦਮ ਭੂਸ਼ਣ ਦੇਣ ਦਾ ਐਲਾਨ ਹੋਇਆ ਹੈ। ਕੁੱਲ ਮਿਲਾ ਕੇ ਚਾਰ ਲੋਕਾਂ ਨੂੰ ਪਦਮ ਵਿਭੂਸ਼ਣ, 17 ਨੂੰ ਪਦਮ ਭੂਸ਼ਣ ਤੇ 107 ਨੂੰ ਪਦਮਸ਼੍ਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਕੁਝ ਨਾਵਾਂ ਨੂੰ ਮੌਜੂਦਾ ਸਿਆਸਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਕਲਿਆਣ ਸਿੰਘ ਨਾ ਸਿਰਫ ਭਾਜਪਾ ਦੇ ਵੱਡੇ ਆਗੂ ਸਨ ਸਗੋਂ ਉਹ ਪੱਛੜੇ ਸਮਾਜ ਤੋਂ ਸਨ। ਉੱਤਰ ਪ੍ਰਦੇਸ਼ ਚੋਣਾਂ ’ਚ ਫ਼ਿਲਹਾਲ ਹਰੇਕ ਪਾਰਟੀ ਦੀ ਨਜ਼ਰ ਪੱਛੜਿਆਂ ’ਤੇ ਹੈ। ਉਨ੍ਹਾਂ ਦਾ ਪਿੱਛੇ ਜਿਹੇ ਦੇਹਾਂਤ ਹੋ ਗਿਆ ਸੀ।
ਜਨਰਲ ਰਾਵਤ ਉੱਤਰਾਖੰਡ ਤੋਂ ਆਉਂਦੇ ਸਨ ਤੇ ਉਨ੍ਹਾਂ ਦੇ ਦੇਹਾਂਤ ਦੇ ਤੁਰੰਤ ਪਿੱਛੋਂ ਸਿਆਸੀ ਪਾਰਟੀਆਂ ’ਚ ਹਮਦਰਦੀ ਹਾਸਲ ਕਰਨ ਦੀ ਦੌੜ ਲੱਗੀ ਸੀ। ਕੁਝ ਦਿਨ ਪਹਿਲਾਂ ਹੀ ਰਾਵਤ ਦੇ ਭਰਾ ਭਾਜਪਾ ’ਚ ਸ਼ਾਮਲ ਹੋਏ ਹਨ। ਰਾਧੇਸ਼ਾਮ ਖੇਮਕਾ ਦੀ ਕਰਮਭੂਮੀ ਉੱਤਰ ਪ੍ਰਦੇਸ਼ ਰਹੀ ਹੈ ਅਤੇ ਗੀਤਾ ਪ੍ਰੈੱਸ ਤੇ ਕਲਿਆਣ ਪੱਤ੍ਰਿਕਾ ਨਾਲ ਜੁੜੇ ਹੋਣ ਕਾਰਨ ਉਨ੍ਹਾਂ ਨੂੰ ਬੜਾ ਮਾਣ-ਤਾਣ ਹਾਸਲ ਰਿਹਾ।
ਪਦਮ ਭੂਸ਼ਣ ਦੀ ਸ਼੍ਰੇਣੀ ’ਚ ਪਹਿਲਾ ਨਾਂ ਗੁਲਾਮ ਨਬੀ ਆਜ਼ਾਦ ਦਾ ਹੈ। ਕਾਂਗਰਸ ’ਚ ਉਂਜ ਤਾਂ ਇਹ ਚੋਟੀ ਦੇ ਆਗੂਆਂ ’ਚ ਸ਼ਾਮਲ ਹਨ ਪਰੰਤੂ ਪਿਛਲੇ ਕੁਝ ਸਾਲਾਂ ਤੋਂ ਕੇਂਦਰੀ ਲੀਡਰਸ਼ਿਪ ਨਾਲ ਉਨ੍ਹਾਂ ਦੇ ਰਿਸ਼ਤੇ ਚੰਗੀ ਨਹੀਂਂ ਹਨ। ਰਾਜ ਸਭਾ ਤੋਂ ਉਨ੍ਹਾਂ ਦੀ ਰਿਟਾਇਰਮੈਂਟ ਸਮੇਂ ਖ਼ੁਦ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਬਹੁਤ ਭਾਵਭਿੰਨੀ ਵਿਦਾਈ ਦਿੱਤੀ ਸੀ। ਉਹ ਖ਼ੁਦ ਪ੍ਰਧਾਨ ਮੰਤਰੀ ਦੀ ਕਾਰਜ ਪ੍ਰਣਾਲੀ ਦੇ ਪ੍ਰਸ਼ੰਸਕ ਰਹੇ ਹਨ। ਧਿਆਨ ਰਹੇ ਕਿ ਕੁਝ ਸਾਲ ਪਹਿਲਾਂ ਭਾਜਪਾ ਸਰਕਾਰ ਨੇ ਹੀ ਸਾਬਕਾ ਰਾਸ਼ਟਰਪਤੀ ਤੇ ਕਾਂਗਰਸ ਦੇ ਸਾਬਕਾ ਆਗੂ ਪ੍ਰਣਾਬ ਮੁਖਰਜੀ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਸੀ।
Govt announces Padma Awards 2022
CDS Gen Bipin Rawat to get Padma Vibhushan (posthumous), Congress leader Ghulam Nabi Azad to be conferred with Padma Bhushan pic.twitter.com/Qafo6yiDy5
— ANI (@ANI) January 25, 2022
ਬੁੱਧਦੇਵ, ਨਾਡੇਲਾ ਤੇ ਪਿਚਾਈ ਦਾ ਵੀ ਸਨਮਾਨ
ਬੁੱਧਦੇਵ ਖੱਬੇਪੱਖੀ ਵਿਚਾਰਧਾਰਾ ਤੋਂ ਆਉਂਦੇ ਹਨ ਪਰੰਤੂ ਸਰਕਾਰ ਨੇ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਤੇ ਪਦਮ ਭੂਸ਼ਮ ਨਾਲ ਸਨਮਾਨਿਤ ਕੀਤਾ ਹੈ। ਅਸਿੱਧੇ ਤੌਰ ’ਤੇ ਇਸ ਨੂੰ ਬੰਗਾਲ ਦੀ ਸਿਆਸਤ ਨਾਲ ਜੋੜਿਆ ਜਾ ਸਕਦਾ ਹੈ ਕਿਉਂਕਿ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਲੈ ਕੇ ਕੇਂਦਰ ਸਰਕਾਰ ਨੇ ਕਈ ਵੱਡੇ ਫ਼ੈਸਲੇ ਕੀਤੇ। ਬੰਗਲਾ ਦੇ ਵੱਡੇ ਕਲਾਕਾਰ ਵਿਕਟਰ ਬੈਨਰਜੀ ਨੂੰ ਵੀ ਪਦਮ ਭੂਸ਼ਣ ਦਿੱਤਾ ਗਿਆ ਹੈ। ਸਤਯਾ ਨਾਡੇਲਾ ਤੇ ਸੁੰਦਰ ਪਿਚਾਈ ਨੂੰ ਸਨਮਾਨਿਤ ਕਰਨ ਦਾ ਖਾਸ ਅਰਥ ਹੈ। ਉਨ੍ਹਾਂ ਨੇ ਭਾਰਤੀਆਂ ਦਾ ਗੌਰਵ ਵਧਾਇਆ ਹੈ।
Posted By: Jagjit Singh