ਨਵੀਂ ਦਿੱਲੀ (ਪੀਟੀਆਈ) : ਸਾਬਕਾ ਕੇਂਦਰੀ ਮੰਤਰੀਆਂ ਅਰੁਣ ਜੇਤਲੀ, ਸੁਸ਼ਮਾ ਸਵਰਾਜ ਤੇ ਜਾਰਜ ਫਰਨਾਂਡਿਜ਼ ਦੇ ਨਾਲ-ਨਾਲ ਮਸ਼ਹੂਰ ਓਲੰਪੀਅਨ ਮੁੱਕੇਬਾਜ਼ ਮੈਰੀਕਾਮ ਨੂੰ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ 'ਤੇ ਪਦਮ ਵਿਭੂਸ਼ਣ ਸਨਮਾਨ ਨਾਲ ਨਵਾਜਿਆ ਗਿਆ ਹੈ। ਇਹੀ ਸਨਮਾਨ ਮਾਰੀਸ਼ਸ ਦੇ ਸਾਬਕਾ ਪ੍ਰਧਾਨ ਮੰਤਰੀ ਅਨਿਰੁੱਧ ਜਗਨਨਾਥ ਨੂੰ ਵੀ ਮਿਲਿਆ ਹੈ।

ਸ਼ਨਿਚਰਵਾਰ ਨੂੰ ਇਨ੍ਹਾਂ ਨਾਗਰਿਕ ਸਨਮਾਨਾਂ ਦਾ ਐਲਾਨ ਕਰਦੇ ਹੋਏ ਅਧਿਕਾਰੀਆਂ ਨੇ ਕਿਹਾ ਕਿ ਸਾਬਕਾ ਰੱਖਿਆ ਮੰਤਰੀ ਮਨੋਹਰ ਪਾਰੀਕਰ, ਸਨਅਤਕਾਰ ਆਨੰਦ ਮਹਿੰਦਰਾ ਤੇ ਵੇਣੂ ਸ਼੍ਰੀਨਿਵਾਸਨ, ਓਲੰਪੀਅਨ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ, ਨਾਗਾਲੈਂਡ ਦੇ ਸਾਬਕਾ ਮੁੱਖ ਮੰਤਰੀ ਐੱਸਸੀ ਜਮੀਰ ਤੇ ਜੰਮੂ ਕਸ਼ਮੀਰ ਦੇ ਸਿਆਸਤਦਾਨ ਮੁੱਜ਼ਫਰ ਬੇਗ ਨੂੰ ਪਦਮ ਭੂਸ਼ਣ ਸਨਮਾਨ ਲਈ ਚੁਣਿਆ ਗਿਆ ਹੈ। ਜੇਤਲੀ, ਜਾਰਜ ਫਰਨਾਂਡਿਜ਼, ਸੁਸ਼ਮਾ ਸਵਰਾਜ ਤੇ ਮਨੋਹਰ ਪਾਰੀਕਰ ਨੂੰ ਇਹ ਸਨਮਾਨ ਮਰਨ ਉਪਰੰਤ ਮਿਲੇ ਹਨ। ਇਸ ਸਾਲ ਸੱਤ ਪ੍ਰਮੁੱਖ ਹਸਤੀਆਂ ਨੂੰ ਪਦਮ ਵਿਭੂਸ਼ਣ ਸਨਮਾਨ ਲਈ ਚੁਣਿਆ ਗਿਆ ਹੈ, ਜਦਕਿ 16 ਸ਼ਖ਼ਸੀਅਤਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ। ਪਦਮ ਵਿਭੂਸ਼ਣ ਤੇ ਪਦਮ ਭੂਸ਼ਣ ਦੇ ਨਾਲ-ਨਾਲ ਪਦਮ ਸ਼੍ਰੀ ਪੁਰਸਕਾਰਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਇਸ ਸਾਲ ਕੁਲ 118 ਲੋਕਾਂ ਨੂੰ ਪਦਮ ਸ਼੍ਰੀ ਸਨਮਾਨ ਲਈ ਚੁਣਿਆ ਗਿਆ ਹੈ। ਪਦਮ ਵਿਭੂਸ਼ਣ ਤੇ ਪਦਮ ਭੂਸ਼ਣ ਭਾਰਤ ਰਤਨ ਤੋਂ ਬਾਅਦ ਦੇਸ਼ ਦੇ ਕ੍ਰਮਵਾਰ ਦੂਜੇ ਤੇ ਤੀਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਹਨ।