ਜੇਐੱਨਐੱਨ, ਕੋਲਕਾਤਾ : ਹਜ਼ਾਰਾਂ ਕਰੋੜ ਦੇ ਬਹੁਚਰਚਿਤ ਸਾਰਧਾ ਚਿਟਫੰਡ ਘੁਟਾਲੇ 'ਚ ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਪੀ ਚਿਦੰਬਰਮ ਦੀ ਪਤਨੀ ਨਲਿਨੀ ਚਿਦੰਬਰਮ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਸੀਬੀਆਈ ਨੇ ਇਸ ਘੁਟਾਲੇ ਦੇ ਸਿਲਸਿਲੇ 'ਚ ਸ਼ੁੱਕਰਵਾਰ ਨੂੰ ਨਲਿਨੀ ਚਿਦੰਬਰਮ ਖ਼ਿਲਾਫ਼ ਕੋਲਕਾਤਾ ਨਾਲ ਲੱਗਦੇ ਉੱਤਰ 24 ਪਰਗਨਾ ਜ਼ਿਲ੍ਹੇ ਦੇ ਬਾਰਾਸਾਤ ਅਦਾਲਤ 'ਚ ਦੋਸ਼ ਪੱਤਰ (ਚਾਰਜਸ਼ੀਟ) ਦਾਖ਼ਲ ਕੀਤੀ। ਇਸ ਵਿਚ ਸੀਬੀਆਈ ਨੇ ਦੋਸ਼ ਲਗਾਇਆ ਹੈ ਕਿ ਨਲਿਨੀ ਨੇ ਚਿਟਫੰਡ ਘੁਟਾਲੇ 'ਚ ਸ਼ਾਮਲ ਸਾਰਧਾ ਗਰੁੱਪ ਆਫ ਕੰਪਨੀਜ਼ ਤੋਂ 2010-12 ਦੌਰਾਨ ਇਕ ਕਰੋੜ 40 ਲੱਖ ਰੁਪਏ ਦੀ ਰਾਸ਼ੀ ਪ੍ਰਾਪਤ ਕੀਤੀ ਸੀ। ਉਨ੍ਹਾਂ 'ਤੇ ਸਾਰਧਾ ਗਰੁੱਪ ਦੇ ਮੁਖੀ ਸੁਦੀਪਤ ਸੇਨ ਨਾਲ ਮਿਲ ਕੇ ਲੋਕਾਂ ਨਾਲ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਗਿਆ ਹੈ।

ਸੀਬੀਆਈ ਦੇ ਬੁਲਾਰੇ ਅਭਿਸ਼ੇਕ ਦਿਆਲ ਨੇ ਦੱਸਿਆ ਕਿ ਦੋਸ਼ ਹੈ ਕਿ ਸਾਰਧਾ ਗਰੁੱਪ ਦੇ ਮਾਲਕ ਸੁਦੀਪਤ ਸੇਨ ਅਤੇ ਹੋਰਨਾਂ ਮੁਲਜ਼ਮਾਂ ਨਾਲ ਕੰਪਨੀ ਦੀ ਰਾਸ਼ੀ ਦੇ ਗਬਨ, ਹੇਰਾਫੇਰੀ ਅਤੇ ਫ਼ਰਜ਼ੀਵਾੜੇ ਕਰਨ ਦੇ ਇਰਾਦੇ ਨਾਲ ਅਪਰਾਧਕ ਸਾਜ਼ਿਸ਼ ਰਚਣ ਵਿਚ ਨਲਿਨੀ ਸ਼ਾਮਲ ਸੀ। ਦੋਸ਼ ਪੱਤਰ 'ਚ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਨੇਤਾ ਮਤੰਗ ਸਿੰਘ ਦੀ ਸਾਬਕਾ ਪਤਨੀ ਮਨੋਰੰਜਨਾ ਸਿੰਘ ਦਾ ਵੀ ਜ਼ਿਕਰ ਹੈ। ਸੀਬੀਆਈ ਨੇ ਦੋਸ਼ ਲਗਾਇਆ ਹੈ ਕਿ ਮਨੋਰੰਜਨਾ ਨੇ ਹੀ ਨਲਿਨੀ ਨੂੰ ਸਾਰਧਾ ਗਰੁੱਪ ਦੇ ਮਾਲਕ ਸੁਦੀਪਤ ਸੇਨ ਨਾਲ ਮਿਲਵਾਇਆ ਸੀ ਤਾਂ ਕਿ ਉਹ ਸੁਦੀਪਤ ਤੇ ਉਨ੍ਹਾਂ ਦੀ ਕੰਪਨੀ ਖ਼ਿਲਾਫ਼ ਚੱਲ ਰਹੀ ਸੇਬੀ, ਰਜਿਸਟਰਾਰ ਆਫ ਕੰਪਨੀਜ਼ (ਆਰਓਸੀ) ਵਰਗੀਆਂ ਵੱਖ-ਵੱਖ ਏਜੰਸੀਆਂ ਦੀ ਜਾਂਚ ਨੂੰ ਮੈਨੇਜ ਤੇ ਪ੍ਰਭਾਵਿਤ ਕਰ ਸਕੇ। ਇਸ ਲਈ ਉਨ੍ਹਾਂ ਦੀਆਂ ਕੰਪਨੀਆਂ ਜ਼ਰੀਏ 2010-12 ਦੌਰਾਨ ਉਨ੍ਹਾਂ ਨੂੰ ਕਥਿਤ ਤੌਰ 'ਤੇ ਇਕ ਕਰੋੜ 40 ਲੱਖ ਰੁਪਏ ਮਿਲੇ। ਇਸ ਤੋਂ ਪਹਿਲਾਂ ਪੁੱਛਗਿੱਛ ਦੌਰਾਨ ਸੁਦੀਪਤ ਸੇਨ ਨੇ ਨਲਿਨੀ ਨੂੰ ਵਕੀਲ ਦੇ ਤੌਰ 'ਤੇ ਰੱਖੇ ਜਾਣ ਦਾ ਜ਼ਿਕਰ ਕੀਤਾ ਸੀ। ਸੇਨ ਨੇ ਇਹ ਵੀ ਦੱਸਿਆ ਸੀ ਕਿ ਮਨੋਰੰਜਨਾ ਸਿੰਘ ਦੇ ਕਹਿਣ 'ਤੇ ਹੀ ਉਨ੍ਹਾਂ ਨਲਿਨੀ ਨੂੰ ਆਪਣੇ ਵਕੀਲ ਦੇ ਤੌਰ 'ਤੇ ਰੱਖਿਆ ਸੀ।

ਜ਼ਿਕਰਯੋਗ ਹੈ ਕਿ ਸਾਰਧਾ ਘੁਟਾਲੇ 'ਚ ਸੀਬੀਆਈ ਦੀ ਇਹ ਛੇਵੀਂ ਚਾਰਜਸ਼ੀਟ ਹੈ। 2014 'ਚ ਸੁਪਰੀਮ ਕੋਰਟ ਨੇ ਸੀਬੀਆਈ ਨੂੰ ਇਸ ਘੁਟਾਲੇ ਦੀ ਜਾਂਚ ਦਾ ਜ਼ਿੰਮਾ ਸੌਂਪਿਆ ਸੀ। ਸਾਰਧਾ ਗਰੁੱਪ ਨੇ ਆਕਰਸ਼ਕ ਵਿਆਜ ਦਾ ਝਾਂਸਾ ਦੇ ਕੇ ਲੋਕਾਂ ਤੋਂ 2500 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਇਕੱਠੀ ਕੀਤੀ ਸੀ, ਪਰ ਲੋਕਾਂ ਦੇ ਪੈਸੇ ਨਹੀਂ ਵਾਪਸ ਕੀਤੇ ਗਏ। ਸੇਨ ਨੇ ਭੁਗਤਾਨ ਨਾ ਕਰ ਸਕਣ ਤੋਂ ਬਾਅਦ 2013 'ਚ ਕੰਪਨੀ ਦਾ ਕੰਮਕਾਜ ਬੰਦ ਕਰ ਦਿੱਤਾ ਸੀ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੀ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਇਸ ਘੁਟਾਲੇ 'ਚ ਈਡੀ ਪਹਿਲਾਂ ਹੀ ਨਲਿਨੀ ਤੋਂ ਪੁੱਛਗਿੱਛ ਕਰ ਚੁੱਕੀ ਹੈ। ਪੀ ਚਿਦੰਬਰਮ ਦੇ ਬੇਟੇ ਕੀਰਤੀ ਚਿਦੰਬਰਮ ਵੀ ਈਡੀ ਅਤੇ ਸੀਬੀਆਈ ਜਾਂਚ ਦਾ ਸਾਹਮਣਾ ਕਰ ਰਹੇ ਹਨ। ਕੀਰਤੀ 'ਤੇ 2006 ਵਿਚ ਏਅਰਸੈੱਲ-ਮੈਕਸਿਸ ਸੌਦੇ 'ਚ ਕਥਿਤ ਰਿਸ਼ਵਤ ਲੈਣ ਦਾ ਦੋਸ਼ ਹੈ।