ਨਾਗਪੁਰ (ਪੀਟੀਆਈ) : ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਵਿਚ ਪੁਲਿਸ ਨੇ ਦੋ ਕਾਰਾਂ ਵਿਚੋਂ ਦੋ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਬਰਾਮਦ ਕੀਤੀ ਹੈ। ਪੁਲਿਸ ਨੇ ਇਸ ਰਾਸ਼ੀ ਨੂੰ ਜ਼ਬਤ ਕਰ ਕੇ ਉਸ ਵਿਚ ਸਵਾਰ ਚਾਰ ਲੋਕਾਂ ਖ਼ਿਲਾਫ਼ ਗ਼ੈਰ-ਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂਏਪੀਏ) ਤਹਿਤ ਮਾਮਲਾ ਦਰਜ ਕੀਤਾ ਹੈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਇਨ੍ਹਾਂ ਦੋਵਾਂ ਵਾਹਨਾਂ ਨੂੰ ਮੰਗਲਵਾਰ ਨੂੰ ਪੂਰਬੀ ਮਹਾਰਾਸ਼ਟਰ ਦੇ ਨਕਸਲ ਪ੍ਰਭਾਵਿਤ ਜ਼ਿਲ੍ਹੇ ਗੜ੍ਹਚਿਰੌਲੀ ਦੇ ਸਿਰੋਂਚਾ ਵਿਚ ਰੋਕਿਆ ਗਿਆ ਸੀ। ਪੁਲਿਸ ਡਿਪਟੀ ਸੁਪਰਡੈਂਟ (ਸਿਰੋਂਚਾ) ਪ੍ਰਸ਼ਾਂਤ ਸਵਾਮੀ ਨੇ ਦੱਸਿਆ ਕਿ ਪੁਲਿਸ ਨੇ ਮਹਾਰਾਸ਼ਟਰ-ਤੇਲੰਗਾਨਾ ਸਰਹੱਦ ਦੇ ਗੋਦਾਵਰੀ ਪੁਲ਼ 'ਤੇ ਇਨ੍ਹਾਂ ਕਾਰਾਂ ਨੂੰ ਰੋਕਿਆ। ਜਾਂਚ ਦੌਰਾਨ ਇਕ ਵਾਹਨ ਵਿਚ 1.20 ਕਰੋੜ ਰੁਪਏ ਅਤੇ ਦੂਜੇ ਵਾਹਨ ਵਿਚ 99.30 ਲੱਖ ਰੁਪਏ ਨਕਦ ਮਿਲੇ। ਸਵਾਮੀ ਨੇ ਕਿਹਾ, 'ਅਸੀਂ ਪੈਸਿਆਂ ਅਤੇ ਵਾਹਨਾਂ ਨੂੰ ਜ਼ਬਤ ਕਰ ਲਿਆ ਹੈ। ਯੂਏਪੀਏ ਤਹਿਤ ਚਾਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।' ਉਨ੍ਹਾਂ ਕਿਹਾ ਕਿ ਹੁਣ ਤਕ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਵਿਭਾਗ ਮੁਤਾਬਕ, ਇਸ ਦੇ ਨਾਲ ਹੀ ਆਮਦਨ ਕਰ ਵਿਭਾਗ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।