ਨਵੀਂ ਦਿੱਲੀ (ਏਜੰਸੀ) : ਦੇਸ਼ 'ਚ ਵਾਤਾਵਰਨ ਨੂੰ ਪਲਾਸਟਿਕ ਕੂੜੇ ਤੋਂ ਹੋਣ ਵਾਲੇ ਨੁਕਸਾਨ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਸਰਕਾਰ ਨੇ ਸ਼ੁੱਕਰਵਾਰ ਨੂੰ ਲੋਕ ਸਭਾ 'ਚ ਦੱਸਿਆ ਕਿ ਦੇਸ਼ 'ਚ ਰੋਜ਼ਾਨਾ 25 ਹਜ਼ਾਰ ਟਨ ਤੋਂ ਵੱਧ ਪਲਾਸਟਿਕ ਕੂੜਾ ਨਿਕਲਦਾ ਹੈ, ਇਸ 'ਚੋਂ 40 ਫ਼ੀਸਦੀ ਕੂੜੇ 'ਚ ਅਤੇ ਏਧਰ ਓਧਰ ਖਿਲਾਰ ਦਿੱਤਾ ਜਾਂਦਾ ਹੈ। ਇਹ ਪਲਾਸਟਿਕ ਕੂੜਾ ਵਾਤਾਵਰਨ ਨੂੰ ਭਾਰੀ ਨੁਕਸਾਨ ਪਹੁੰਚਾ ਰਿਹਾ ਹੈ।

ਸੰਸਦ ਦੇ ਹੇਠਲੇ ਸਦਨ 'ਚ ਇਕ ਸਵਾਲ ਦੇ ਲਿਖਤੀ ਜਵਾਬ 'ਚ ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਤੇਜ਼ੀ ਨਾਲ ਵਧਦੇ ਖ਼ਪਤਕਾਰ ਸਾਮਾਨ (ਐੱਫਐੱਮਸੀਜੀ) ਦੇ ਖੇਤਰ 'ਚ ਧੜੱਲੇ ਨਾਲ ਇਸ ਦੇ ਇਸਤੇਮਾਲ ਕਾਰਨ ਪਲਾਸਟਿਕ ਦੀ ਮੰਗ 'ਚ ਜ਼ਿਕਰਯੋਗ ਵਾਧਾ ਹੋਇਆ ਹੈ। ਇਸ ਕਾਰਨ ਪਲਾਸਟਿਕ ਕੂੜੇ ਨਾਲ ਨਿਪਟਣ ਦੀ ਚੁਣੌਤੀ ਪੈਦਾ ਹੋ ਗਈ ਹੈ।

ਜਾਵੜੇਕਰ ਨੇ ਕਿਹਾ ਕਿ ਐੱਫਐੱਮਸੀਜੀ ਸੈਕਟਰ 'ਚ ਪਲਾਸਟਿਕ ਦੀ ਵਰਤੋਂ 'ਚ ਜ਼ਬਰਦਸਤ ਵਾਧੇ ਕਾਰਨ ਇਕ ਲਗਾਤਾਰ ਆਰਥਿਕ ਵਿਕਾਸ ਕਾਰਨ ਖ਼ਪਤਕਾਰ ਸਾਮਾਨ ਦੀ ਮੰਗ 'ਚ ਆਈ ਤੇਜ਼ੀ ਵੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਸਸਤਾ, ਟਿਕਾਊ ਤੇ ਮਜ਼ਬੂਤ ਹੋਣ ਕਾਰਨ ਸਨਅਤੀ ਖੇਤਰ 'ਚ ਪਲਾਸਟਿਕ ਸਭ ਤੋਂ ਵੱਧ ਭਰੋਸੇਮੰਦ ਪੈਕੇਜਿੰਗ ਮੈਟਰੀਅਲ ਬਣ ਗਿਆ ਹੈ। ਇਕ ਹੋਰ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਕਾਫ਼ੀ ਸਸਤਾ ਹੋਣ ਕਾਰਨ ਪਲਾਸਟਿਕ ਦਾ ਬਦਲ ਲੱਭਣਾ ਬਹੁਤ ਮੁਸ਼ਕਲ ਹੋ ਰਿਹਾ ਹੈ।

ਹਾਲਾਂਕਿ ਉਨ੍ਹਾਂ ਕਿਹਾ ਕਿ ਮੰਤਰਾਲੇ ਨੇ ਪਲਾਸਟਿਕ ਕੂੜੇ ਦੇ ਸਮੁੱਚੇ ਨਿਪਟਾਰੇ ਦੇ ਉਦੇਸ਼ ਨਾਲ ਕਈ ਉਪਾਅ ਸ਼ੁਰੂ ਕੀਤੇ ਹਨ। ਦੇਸ਼ ਦੇ 60 ਵੱਡੇ ਸ਼ਹਿਰਾਂ 'ਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਵੱਲੋਂ ਕਰਵਾਏ ਗਏ ਅਧਿਐਨ ਦਾ ਹਵਾਲਾ ਦਿੰਦਿਆਂ ਜਾਵੜੇਕਰ ਨੇ ਕਿਹਾ ਕਿ ਇਨ੍ਹਾਂ ਸ਼ਹਿਰਾਂ ਤੋਂ ਰੋਜ਼ਾਨਾ ਕਰੀਬ 4, 059 ਟਨ ਪਲਾਸਟਿਕ ਕੂੜਾ ਨਿਕਲਦਾ ਹੈ। ਜਦਕਿ ਇਨ੍ਹਾਂ ਸ਼ਹਿਰਾਂ ਨੂੰ ਮਿਲਾ ਕੇ ਪੂਰੇ ਦੇਸ਼ 'ਚ ਰੋਜ਼ਾਨਾ 25, 940 ਟਨ ਪਲਾਸਟਿਕ ਕੂੜਾ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ ਪਲਾਸਟਿਕ, ਮਲਟੀ ਲੇਅਰ ਪਲਾਸਟਿਕ ਉਤਪਾਦਨ ਤੇ ਪਲਾਸਟਿਕ ਦੀ ਰਿਸਾਈਕਲਿੰਗ ਕਰਨ ਵਾਲੀਆਂ 4733 ਈਕਾਈਆਂ ਹਨ।

ਸਾਰੇ ਸੂਬਿਆਂ ਦੇ ਵਾਤਾਵਰਨ ਮੰਤਰੀਆਂ ਦੀ ਬੈਠਕ ਬੁਲਾਏਗੀ ਸਰਕਾਰ

ਜਾਵੜੇਕਰ ਨੇ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਦੇ ਇਸਤੇਮਾਲ 'ਤੇ ਪਾਬੰਦੀ ਤੇ ਠੋਸ ਕਚਰਾ ਪ੍ਰਬੰਧਨ ਦੇ ਨਬੇੜੇ ਦੇ ਨਿਪਟਾਰੇ ਦੀ ਸਮੱਸਿਆ ਤੇ ਚਰਚਾ ਕਰਨ ਲਈ ਕੇਂਦਰ ਸਰਕਾਰ ਅਗਲੇ ਮਹੀਨੇ ਸਾਰੇ ਸੂਬਿਆਂ ਦੇ ਵਾਤਾਵਰਨ ਮੰਤਰੀਆਂ ਦੀ ਬੈਠਕ ਬੁਲਾਏਗੀ। ਉਨ੍ਹਾਂ ਕਿਹਾ ਕਿ ਪਤਲੇ ਪਲਾਸਟਿਕ ਦੇ ਕੂੜੇ ਤੇ ਪਲਾਸਟਿਕ ਦੇ ਛੋਟੇ-ਛੋਟੇ ਪਾਊਚ ਇਕੱਠੇ ਕਰਨੇ ਬਹੁਤ ਸਮੱਸਿਆ ਹੈ। ਸਰਕਾਰ ਨੇ 2022 ਤਕ ਦੇਸ਼ 'ਚ ਸਿੰਗਲ ਯੂਜ਼ ਪਲਾਸਟਿਕ ਦੇ ਇਸਤੇਮਾਲ ਨੂੰ ਖ਼ਤਮ ਕਰਨ ਦਾ ਟੀਚਾ ਰੱਖਿਆ ਹੈ।