ਜਾਗਰਣ ਬਿਊਰੋ, ਨਵੀਂ ਦਿੱਲੀ : ਖੇਤੀ ਸੁਧਾਰਾਂ ਨਾਲ ਜੁੜੇ ਬਿੱਲਾਂ ਨੂੰ ਪਾਸ ਕਰਵਾਉਣ ਤੇ ਰਾਜ ਸਭਾ ਦੇ ਅੱਠ ਮੈਂਬਰਾਂ ਦੀ ਮੁਅੱਤਲੀ ਦੇ ਮੁੱਦੇ 'ਤੇ ਵਿਰੋਧੀ ਧਿਰ ਤੇ ਸਰਕਾਰ 'ਚ ਤਕਰਾਰ ਵੱਧ ਗਈ ਹੈ। ਸੋਮਵਾਰ ਨੂੰ ਵਿਰੋਧੀ ਪਾਰਟੀਆਂ ਨੇ ਆਪਣੇ ਮੈਂਬਰਾਂ ਦੀ ਮੁਅੱਤਲੀ ਵਾਪਸ ਲਈ ਜਾਣ ਦੀ ਮੰਗ ਕੀਤੀ ਪਰ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਮੁਅੱਤਲੀ ਵਾਪਸੀ 'ਤੇ ਤਾਂ ਹੀ ਵਿਚਾਰ ਕੀਤਾ ਜਾਵੇਗਾ ਜਦੋਂ ਮੁਅੱਤਲ ਰਾਜ ਸਭਾ ਮੈਂਬਰ ਆਪਣੇ ਵਿਹਾਰ ਲਈ ਮਾਫ਼ੀ ਮੰਗ ਲੈਣਗੇ। ਪਰ ਇਕਜੁਟ ਵਿਰੋਧੀ ਧਿਰ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ ਤੇ ਸੰਸਦ ਕੀ ਕਾਰਵਾਈ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ।

ਰਾਜ ਸਭਾ ਵਿਚ ਵਿਰੋਧੀ ਪਾਰਟੀਆਂ ਦੇ ਮੌਨਸੂਨ ਇਜਲਾਸ ਦਾ ਬਾਈਕਾਟ ਕਰਨ ਦਾ ਐਲਾਨ ਵਿਰੋਧੀ ਧਿਰ ਦੇ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਕੀਤਾ। ਸੰਸਦ ਕੰਪਲੈਕਸ ਵਿਚ ਗਾਂਧੀ ਦੀ ਮੂਰਤੀ ਕੋਲ ਧਰਨੇ 'ਤੇ ਬੈਠੇ ਅੱਠ ਮੁਅੱਤਲ ਮੈਂਬਰਾਂ ਨਾਲ ਮੁਲਾਕਾਤ ਤੋਂ ਬਾਅਦ ਸਦਨ ਵਿਚ ਆਏ ਆਜ਼ਾਦ ਨੇ ਕਿਹਾ ਕਿ ਅਸੀਂ ਕਾਂਗਰਸ ਵੱਲੋਂ ਸਦਨ ਵਿਚ ਤਿੰਨ ਮੰਗਾਂ ਰੱਖ ਰਹੇ ਹਾਂ। ਪਹਿਲੀ ਮੰਗ ਹੈ ਕਿ ਇਸ ਬਿੱਲ ਨੂੰ ਵਾਪਸ ਲੈ ਕੇ ਇਕ ਨਵਾਂ ਬਿੱਲ ਲਿਆਂਦਾ ਜਾਵੇ ਜਿਸ ਵਿਚ ਇਹ ਯਕੀਨੀ ਕੀਤਾ ਜਾਵੇ ਕਿ ਕੰਪਨੀਆਂ ਘੱਟ ਤੋਂ ਘੱਟ ਸਮਰਥਨ ਮੁੱਲ (ਐੱਮਐੱਸਪੀ) ਤੋਂ ਘੱਟ ਕਿਸਾਨਾਂ ਦੀ ਫ਼ਸਲ ਨਹੀਂ ਖ਼ਰੀਦ ਸਕਣਗੀਆਂ। ਨਾਲ ਹੀ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦੇ ਹਿਸਾਬ ਨਾਲ ਐੱਮਐੱਸਪੀ ਤੈਅ ਕੀਤੀ ਜਾਵੇ। ਦੂਜੀ ਕੇਂਦਰ ਸਰਕਾਰ ਤੇ ਭਾਰਤੀ ਖ਼ੁਰਾਕ ਨਿਗਮ (ਐੱਫਸੀਆਈ) ਕਿਸਾਨਾਂ ਦੀ ਫ਼ਸਲ ਐੱਮਐੱਸਪੀ 'ਤੇ ਖ਼ਰੀਦ ਨੂੰ ਪੂਰੇ ਦੇਸ਼ ਵਿਚ ਯਕੀਨੀ ਕਰੇ। ਤੀਜੀ ਮੰਗ ਹੈ ਕਿ ਅੱਠ ਵਿਰੋਧੀ ਮੈਂਬਰਾਂ ਨੂੰ ਬਿਨਾਂ ਉਨ੍ਹਾਂ ਦੀ ਗੱਲ ਸੁਣਿਆਂ ਮੁਅੱਤਲ ਕੀਤਾ ਗਿਆ ਹੈ ਇਸ ਲਈ ਇਹ ਮੁਅੱਤਲੀ ਵਾਪਸ ਲਈ ਜਾਵੇ। ਆਜ਼ਾਦ ਨੇ ਕਿਹਾ ਕਿ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਇਨ੍ਹਾਂ ਗੱਲਾਂ ਨਾਲ ਸਹਿਮਤ ਹਨ ਤੇ ਇਸ ਲਈ ਇਨ੍ਹਾਂ ਮੰਗਾਂ ਦੇ ਮੰਨੇ ਜਾਣ ਤਕ ਮੌਨਸੂਨ ਇਜਲਾਸ ਦਾ ਬਾਈਕਾਟ ਕਰਦੀਆਂ ਹਨ। ਇਸ ਐਲਾਨ ਤੋਂ ਤੁਰੰਤ ਬਾਅਦ ਕਾਂਗਰਸ, ਤ੍ਰਿਣਮੂਲ ਕਾਂਗਰਸ, ਡੀਐੱਮਕੇ, ਰਾਸ਼ਟਰੀ ਜਨਤਾ ਦਲ, ਐੱਨਸੀਪੀ ਤੇ ਖੱਬੇਪੱਖੀਆਂ ਸਮੇਤ ਸਾਰੇ ਵਿਰੋਧੀ ਸੰਸਦ ਮੈਂਬਰਾਂ ਨੇ ਇਜਲਾਸ ਦਾ ਬਾਈਕਾਟ ਸ਼ੁਰੂ ਕਰ ਦਿੱਤਾ। ਇਜਲਾਸ ਦੇ ਬਾਈਕਾਟ ਦਾ ਐਲਾਨ ਕਰਨ ਤੋਂ ਬਾਅਦ ਆਜ਼ਾਦ ਦੁਬਾਰਾ ਧਰਨੇ 'ਤੇ ਬੈਠੇ ਮੁਅੱਤਲ ਸੰਸਦ ਮੈਂਬਰਾਂ ਦੇ ਰੂਬਰੂ ਹੋਏ ਤੇ ਵਿਰੋਧੀ ਪਾਰਟੀਆਂ ਦੇ ਸਾਂਝੇ ਫ਼ੈਸਲੇ ਦੀ ਜਾਣਕਾਰੀ ਦਿੱਤੀ। ਵਿਰੋਧੀ ਧਿਰ ਦੇ ਇਕਜੁੱਟ ਫ਼ੈਸਲੇ ਨੂੰ ਦੇਖਦਿਆਂ ਡੇਰੇਕ ਓ ਬ੍ਰਾਇਨ, ਰਾਜੀਵ ਸਾਤਵ ਤੇ ਸੰਜੇ ਸਿੰਘ ਸਮੇਤ ਅੱਠ ਮੈਂਬਰਾਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ।

ਰਾਜ ਸਭਾ ਵਿਚ ਗਰਮਾਈ ਸਿਆਸਤ ਦਾ ਅਸਰ ਲੋਕ ਸਭਾ ਵਿਚ ਵੀ ਹੋਇਆ। ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਸਦਨ ਸ਼ੁਰੂ ਹੁੰਦਿਆਂ ਹੀ ਖੇਤੀ ਬਿੱਲਾਂ ਨੂੰ ਪਾਸ ਕੀਤੇ ਜਾਣ ਦੇ ਤਰੀਕੇ 'ਤੇ ਸਵਾਲ ਉਠਾਉਂਦਿਆਂ ਹਾੜੀ ਦੀਆਂ ਫ਼ਸਲਾਂ ਦੇ ਐੱਮਐੱਸਪੀ ਵਿਚ ਸੋਮਵਾਰ ਨੂੰ ਕੀਤੇ ਗਏ ਵਾਧੇ ਨੂੰ ਬੇਹੱਦ ਮਾਮੂਲੀ ਕਰਾਰ ਦਿੱਤਾ। ਖੇਤੀ ਮੰਤਰੀ ਨਰਿੰਦਰ ਤੋਮਰ 'ਤੇ ਦੇਸ਼ ਅਤੇ ਕਿਸਾਨਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਉਂਦਿਆਂ ਅਧੀਰ ਰੰਜਨ ਨੇ ਕਿਹਾ ਕਿ ਕਿਸਾਨਾਂ ਨੂੰ ਤੁਹਾਡੀਆਂ ਗੱਲਾਂ 'ਤੇ ਭਰੋਸਾ ਨਹੀਂ। ਰੰਜਨ ਨੇ ਇਕ ਨਵਾਂ ਬਿੱਲ ਲਿਆਂਦੇ ਜਾਣ ਦੀ ਆਜ਼ਾਦ ਦੀ ਮੰਗ ਵੀ ਲੋਕ ਸਭਾ ਵਿਚ ਦੁਹਰਾਈ। ਤ੍ਰਿਣਮੂਲ ਕਾਂਗਰਸ ਦੇ ਕਲਿਆਣ ਬੈਨਰਜੀ ਸਮੇਤ ਦੂਜੇ ਵਿਰੋਧੀ ਮੈਂਬਰਾਂ ਨੇ ਉਨ੍ਹਾਂ ਦੀਆਂ ਗੱਲਾਂ ਨਾਲ ਸਹਿਮਤੀ ਪ੍ਰਗਟ ਕੀਤੀ। ਸਦਨ ਵਿਚ ਹੰਗਾਮਾ ਵੀ ਹੋਇਆ ਤੇ ਇਕ ਘੰਟੇ ਲਈ ਕਾਰਵਾਈ ਠੱਪ ਵੀ ਹੋਈ। ਇਸ ਤੋਂ ਬਾਅਦ ਅਧੀਰ ਨੇ ਰਾਜ ਸਭਾ ਮੈਂਬਰਾਂ ਦੀ ਮੁਅੱਤਲੀ ਨੂੰ ਗ਼ਲਤ ਠਹਿਰਾਉਂਦਿਆਂ ਪੂਰੀ ਵਿਰੋਧੀ ਧਿਰ ਨਾਲ ਸਦਨ ਦੀ ਕਾਰਵਾਈ ਦਾ ਬਾਈਕਾਟ ਕੀਤਾ।

ਉਧਰ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਰਾਜ ਸਭਾ ਵਿਚ ਖੇਤੀ ਬਿੱਲ ਪਾਸ ਹੋਣ ਦੌਰਾਨ ਸਦਨ ਵਿਚ ਸਰਕਾਰ ਕੋਲ ਪੂਰਾ ਬਹੁਮਤ ਸੀ। ਉਨ੍ਹਾਂ ਕਿਹਾ ਕਿ ਸਦਨ ਵਿਚ ਐਤਵਾਰ ਨੂੰ ਜੋ ਕੁਝ ਹੋਇਆ ਉਸ ਨੂੰ ਲੈ ਕੇ ਉਮੀਦ ਸੀ ਕਿ ਕਾਂਗਰਸ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੇ ਅਜਿਹੇ ਵਿਹਾਰ ਦਾ ਵਿਰੋਧ ਕਰੇਗੀ। ਉਨ੍ਹਾਂ ਸਵਾਲੀਆ ਲਹਿਜ਼ੇ ਵਿਚ ਕਿਹਾ ਕਿ ਇਹ ਕਿਹੋ ਜਿਹੀ ਸਿਆਸਤ ਹੈ ਕਿ ਵਿਦੇਸ਼ ਤੋਂ ਇਕ ਟਵੀਟ

ਆਉਂਦਾ ਹੈ ਤੇ ਸੰਸਦ ਮੈਂਬਰ ਹੰਗਾਮੇ ਤੇ ਦੁਰਵਿਹਾਰ 'ਤੇ ਉਤਾਰੂ ਹੋ ਜਾਂਦੇ ਹਨ। ਉਨ੍ਹਾਂ ਦਾ ਇਸ਼ਾਰਾ ਰਾਹੁਲ ਗਾਂਧੀ ਵੱਲ ਸੀ ਜੋ ਇਨ੍ਹੀਂ ਦਿਨੀ ਆਪਣੀ ਮਾਤਾ ਸੋਨੀਆ ਗਾਂਧੀ ਦੇ ਇਲਾਜ ਦੇ ਸਿਲਸਿਲੇ ਵਿਚ ਵਿਦੇਸ਼ ਵਿਚ ਹਨ। ਚੇਤੇ ਰਹੇ ਕਿ ਰਾਜ ਸਭਾ ਤੋਂ ਮੁਅੱਤਲ ਅੱਠ ਸੰਸਦ ਮੈਂਬਰਾਂ ਵਿਚ ਤਿੰਨ ਕਾਂਗਰਸ, ਦੋ-ਦੋ ਤ੍ਰਿਣਮੂਲ ਕਾਂਗਰਸ ਤੇ ਮਾਰਕਸੀ ਪਾਰਟੀ ਤੇ ਇਕ ਆਪ ਦੇ ਹਨ।

ਸਪੀਕਰ ਦੀ ਕੋਸ਼ਿਸ਼ ਬੇਕਾਰ

ਬਾਈਕਾਟ ਤੋਂ ਪੈਦਾ ਹੋਏ ਅੜਿੱਕੇ 'ਤੇ ਸਪੀਕਰ ਓਮ ਬਿਰਲਾ ਨੇ ਆਪਣੇ ਵੱਲੋਂ ਪਹਿਲ ਕਰਦਿਆਂ ਦੇਰ ਸ਼ਾਮ ਵਿਰੋਧੀ ਨੇਤਾਵਾਂ ਨੂੰ ਚਾਹ 'ਤੇ ਸੱਦ ਕੇ ਉਨ੍ਹਾਂ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਗੱਲ ਨਹੀਂ ਬਣੀ।

Posted By: Jagjit Singh