ਨਵੀਂ ਦਿੱਲੀ (ਪੀਟੀਆਈ) : ਦਿੱਲੀ ਪੁਲਿਸ ਨੇ ਸੋਮਵਾਰ ਨੂੰ ਹਦਾਇਤਾਂ ਜਾਰੀ ਕਰ ਕੇ ਕਿਹਾ ਕਿ ਕੋਰੋਨਾ ਟੀਕਿਆਂ ਦੀਆਂ ਦੋਵੇਂ ਖ਼ੁਰਾਕਾਂ ਲੈ ਚੁੱਕੇ ਵਿਜ਼ੀਟਰ ਹੀ ਗਣਤੰਤਰ ਦਿਵਸ ਪਰੇਡ ਪ੍ਰੋਗਰਾਮ ’ਚ ਸ਼ਾਮਲ ਹੋ ਸਕਣਗੇ। ਇਸ ਤੋਂ ਇਲਾਵਾ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪ੍ਰੋਗਰਾਮ ’ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਪੁਲਿਸ ਨੇ ਟਵੀਟ ਕਰ ਕੇ ਲੋਕਾਂ ਨੂੰ ਆਪਣਾ ਵੈਕਸੀਨੇਸ਼ਨ ਸਰਟੀਫਿਕੇਟ ਵੀ ਨਾਲ ਲਿਆਉਣ ਦੀ ਅਪੀਲ ਕੀਤੀ ਹੈ। ਰਾਜਪਥ ’ਤੇ ਪ੍ਰੋਗਰਾਮ ’ਚ ਲੋਕਾਂ ਨੂੰ ਮਾਸਕ ਪਾਉਣ ਤੇ ਸਰੀਰਕ ਦੂਰੀ ਦੀ ਪਾਲਣਾ ਕਰਨ ਵਰਗੇ ਕੋਰੋਨਾ ਦੇ ਸਾਰੇ ਪ੍ਰੋਟੋਕਾਲ ਦੀ ਪਾਲਣਾ ਕਰਨੀ ਪਵੇਗੀ। ਪੁਲਿਸ ਨੇ ਕਿਹਾ ਕਿ ਵਿਜ਼ੀਟਰਸ ਲਈ ਬੈਠਣ ਦਾ ਸਥਾਨ (ਸੀਟਿੰਗ ਬਲਾਕਸ) ਸਵੇਰੇ ਸੱਤ ਵਜੇ ਖੁੱਲ੍ਹ ਜਾਵੇਗਾ, ਲਿਹਾਜ਼ਾ ਲੋਕ ਇਸ ਦੇ ਮੁਤਾਬਕ ਹੀ ਉੱਥੇ ਪੁੱਜਣ। ਕਿਉਂਕਿ ਪਾਰਕਿੰਗ ਦਾ ਸਥਾਨ ਸੀਮਤ ਹੈ, ਇਸ ਲਈ ਵਿਜ਼ੀਟਰਸ ਨੂੰ ਸਲਾਹ ਦਿੱਤੀ ਗਈ ਹੈ ਕਿ ਕਾਰ ਪੂਲ ਕਰਨ ਜਾਂ ਟੈਕਸੀ ਦੀ ਵਰਤੋਂ ਕਰਨ। ਉਨ੍ਹਾਂ ਨੂੰ ਜਾਇਜ਼ ਪਛਾਣ ਪੱਤਰ ਲਿਆਉਣ ਤੇ ਸੁਰੱਖਿਆ ਜਾਂਚ ਦੌਰਾਨ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਹਰੇ ਪਾਰਕਿੰਗ ਖੇਤਰ ’ਚ ਰਿਮੋਟ ਕੰਟਰੋਲ ਵਾਲੀ ਕਾਰ ਦੀਆਂ ਚਾਬੀਆਂ ਨੂੰ ਜਮ੍ਹਾਂ ਕਰਨ ਦਾ ਪ੍ਰਬੰਧ ਵੀ ਹੋਵੇਗਾ।

Posted By: Jagjit Singh