ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਭਰ ਦੇ ਕਈ ਸੂਬਿਆਂ 'ਚ ਪਿਆਜ਼ ਦੀਆਂ ਕੀਮਤਾਂ ਆਮ ਜਨਤਾ ਦੇ 'ਹੰਝੂ' ਕੱਢ ਰਹੀਆਂ ਹਨ। ਕਈ ਸੂਬਿਆਂ 'ਚ ਕੀਮਤਾਂ 80 ਤੋਂ 100 ਰੁਪਏ ਕਿੱਲੋ ਤਕ ਪਹੁੰਚ ਗਈਆਂ ਹਨ। ਆਮ ਆਦਮੀ ਦੇ ਘਰ 'ਚ ਰੋਜ਼ਾਨਾ ਇਸਤੇਮਾਲ ਹੋਣ ਵਾਲੇ ਪਿਆਜ਼ ਦੀਆਂ ਚੜ੍ਹੀਆਂ ਕੀਮਤਾਂ ਨੇ ਸਰਕਾਰ ਨੂੰ ਚਿੰਤਾ 'ਚ ਪਾ ਰੱਖਿਆ ਹੈ। ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਪਿਆਜ਼ ਦੀਆਂ ਕੀਮਤਾਂ 'ਚ ਵਾਧਾ ਰੋਕਣ ਦੀ ਲਗਾਤਾਰ ਕੋਸ਼ਿਸ਼ ਜਾਰੀ ਹੈ ਪਰ ਹੁਣ ਤਕ ਕੀਤੀਆਂ ਗਈਆਂ ਸਾਰੀਆਂ ਕੋਸ਼ਿਸ਼ਾਂ ਨਾਕਾਫ਼ੀ ਸਾਬਿਤ ਹੋ ਰਹੀਆਂ ਹਨ। ਕੇਂਦਰ ਨੇ ਤਾਂ ਇਸ ਦੇ ਲਈ ਦੂਸਰੇ ਦੇਸ਼ਾਂ ਤੋਂ ਪਿਆਜ਼ ਦੀ ਨਵੀਂ ਖੇਪ ਵੀ ਮੰਗਵਾਈ ਹੈ। ਪਿਆਜ਼ ਦੀ ਆਮਦ ਘਟਣ ਤੋਂ ਬਾਅਦ ਕਈ ਸੂਬਿਆਂ 'ਚ ਇਸ ਦੀ ਕਾਲਾਬਾਜ਼ਾਰੀ ਹੋਣ ਲੱਗੀ ਹੈ। ਮੀਡੀਆ ਰਿਪੋਰਟਸ ਮੁਤਾਬਿਕ ਕੇਂਦਰ ਸਰਕਾਰ ਨੇ ਦਿੱਲੀ, ਮਹਾਰਾਸ਼ਟਰ ਤੇ ਰਾਜਸਥਾਨ ਸਮੇਤ ਹੋਰਨਾਂ ਸੂਬਿਆਂ ਨੂੰ ਸਖ਼ਤ ਕਾਰਵਾਈ ਦੀ ਚਿਤਾਵਨੀ ਵੀ ਦੇ ਦਿੱਤੀ ਹੈ। ਇਸ ਦੌਰਾਨ ਪਿਆਜ਼ ਦੀਆਂ ਕੀਮਤਾਂ ਨੂੰ ਅੱਗ ਲੱਗੀ ਹੋਈ ਹੈ।

ਇਸ ਕਾਰਨ ਮਹਿੰਗਾ ਹੋ ਰਿਹਾ ਪਿਆਜ਼

ਦੇਸ਼ਭਰ 'ਚ ਇਸ ਵਾਰ ਮੌਨਸੂਨ ਦੌਰਾਨ ਆਫ਼ਤ ਦਾ ਮੀਂਹ ਵਰ੍ਹਿਆ। ਵੱਡੀ ਮਾਤਰਾ 'ਚ ਪਿਆਜ਼ ਉਤਪਾਦਨ ਕਰਨ ਵਾਲੇ ਸੂਬਿਆਂ ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਬਿਹਾਰ 'ਚ ਵੀ ਭਾਰੀ ਬਾਰਿਸ਼ ਦਾ ਸਾਹਮਣਾ ਕਰਨਾ ਪਿਆ ਹੈ। ਇਸ ਵਜ੍ਹਾ ਨਾਲ ਪਿਆਜ਼ ਦੀ ਫ਼ਸਲ ਇਨ੍ਹਾਂ ਸੂਬਿਆਂ 'ਚ ਵੱਡੀ ਮਾਤਰਾ 'ਚ ਬਰਬਾਦ ਹੋਈ ਹੈ ਜੋ ਪਿਆਜ਼ ਦੀ ਘਾਟ ਦੀ ਸਭ ਤੋਂ ਵੱਡੀ ਵਜ੍ਹਾ ਬਣ ਰਹੀ ਹੈ। ਇਸ ਤੋਂ ਇਲਾਵਾ ਮੌਨਸੂਨ 'ਚ ਦੇਰੀ ਤੋਂ ਬਾਅਦਗ ਕਿਸਾਨਾਂ ਵੱਲੋਂ ਪਿਆਜ਼ ਦੀ ਫ਼ਸਲ ਦੀ ਬੁਆਈ ਵੀ ਦੇਰੀ ਨਾਲ ਕੀਤੀ ਗਈ। ਨਤੀਜਾ ਇਹ ਹੋਇਆ ਕਿ ਫ਼ਸਲ ਦੇਰ ਨਾਲ ਤਿਆਰ ਹੋਣ ਕਾਰਨ ਮੰਡੀਆਂ 'ਚ ਲੇਟ ਪਹੁੰਚ ਰਹੀ ਹੈ।

ਤਿਉਹਾਰਾਂ ਕਾਰਨ ਨਾਜਾਇਜ਼ ਤਰੀਕੇ ਨਾਲ ਕੀਤਾ ਸਟਾਕ

ਪਿਛਲੇ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਵਪਾਰੀਆਂ ਵੱਲੋਂ ਨਾਜਾਇਜ਼ ਤਰੀਕੇ ਨਾਲ ਪਿਆਜ਼ ਸਟਾਕ ਕਰ ਲਿਆ ਗਿਆ ਸੀ। ਇਹ ਵੀ ਮੰਡੀਆਂ 'ਚ ਪਿਆਜ਼ ਦੀ ਆਮਦ 'ਚ ਕਮੀ ਆਉਣ ਦੀ ਵੱਡੀ ਵਜ੍ਹਾ ਬਣਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਕਈ ਵਪਾਰੀਆਂ ਵੱਲੋਂ ਤਿਉਹਾਰਾਂ ਤੋਂ ਪਹਿਲਾਂ ਵੱਡੀ ਮਾਤਾਰਾ 'ਚ ਪਿਆਜ਼ ਸਟੋਰ ਕੀਤਾ ਗਿਆ। ਇਸ ਕਾਰਨ ਵੀ ਪਿਆਜ਼ ਘਟਿਆ ਤੇ ਆਮ ਜਨਤਾ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।

ਪਿਆਜ਼ ਉਤਪਾਦਨ 50 ਫ਼ੀਸਦੀ ਘਟਿਆ

ਮੰਡੀਆਂ 'ਚ ਪਿਆਜ਼ ਦੀ ਆਮਦ ਦੀ ਕਮੀ ਦੀ ਵੱਡੀ ਵਜ੍ਹਾ ਹੈ ਕਿ ਸਾਲ 2019 'ਚ ਪਿਆਜ਼ ਦੇ ਉਤਪਾਦਨ 'ਚ 50 ਫ਼ੀਸਦੀ ਤਕ ਦੀ ਕਮੀ ਆ ਗਈ ਹੈ। ਬੀਤੇ ਪੰਜ ਸਾਲਾਂ 'ਚ ਇਹ ਪਿਆਜ਼ ਦਾ ਸਭ ਤੋਂ ਘੱਟ ਉਤਪਾਦਨ ਮੰਨਿਆ ਜਾ ਰਿਹਾ ਹੈ।

Posted By: Seema Anand