ਨਵੀਂ ਦਿੱਲੀ, ਏਜੰਸੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨਿਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਸਰੇ ਕਾਰਜਕਾਲ ਦਾ ਇਕ ਸਾਲ ਪੂਰਾ ਹੋਣ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਆਪਣੇ ਸਿਲਸਿਲੇਵਾਰ ਟਵੀਟ 'ਚ ਉਨ੍ਹਾਂ ਦੇ 6 ਸਾਲ ਦੇ ਕਾਰਜਕਾਲ ਦੀਆਂ ਉਪਲਬਧੀਆਂ ਨੂੰ ਗਿਣਵਾਇਆ। ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਵੀ ਇਸ ਮੌਕੇ ਟਵੀਟ ਕਰ ਕਿਹਾ ਕਿ ਪਿਛਲੇ 6 ਸਾਲਾਂ 'ਚ, ਦੇਸ਼ ਨੇ ਇਹ ਦੇਖਿਆ ਕਿ ਕਿਵੇਂ ਪ੍ਰਸ਼ਾਸਨਿਕ ਤੰਤਰ ਨੇ ਖ਼ੁਦ ਨੂੰ ਭ੍ਰਿਸ਼ਟਾਚਾਰ ਦੀ ਦਲਦਲ ਤੋਂ ਮੁਕਤ ਕੀਤਾ।

ਇਸ ਮੌਕੇ ਟਵੀਟ ਕਰ ਕੇ ਗ੍ਰਹਿ ਮੰਤਰੀ ਨੇ ਕਿਹਾ, 'ਮੋਦੀ ਜੀ ਨੇ ਇਨ੍ਹਾਂ 6 ਸਾਲਾਂ ਦੇ ਕਾਰਜਕਾਲ 'ਚ ਨਾ ਸਿਰਫ਼ ਕਈ ਇਤਿਹਾਸਕ ਗ਼ਲਤੀਆਂ ਨੂੰ ਸੁਧਾਰਿਆ ਹੈ ਬਲਕਿ 6 ਦਹਾਕਿਆਂ ਦੀ ਖੱਡ ਨੂੰ ਪੂਰ ਕੇ ਵਿਕਾਸ ਦੇ ਰਾਹ 'ਤੇ ਵਧਦੇ ਹੋਏ ਇਕ ਆਤਮਨਿਰਭਰ ਭਾਰਤ ਦੀ ਨੀਂਹ ਵੀ ਰੱਖੀ ਹੈ। ਇਹ 6 ਸਾਲ ਦਾ ਕਾਰਜਕਾਲ 'ਗ਼ਰੀਬ ਕਲਿਆਣਾ ਤੇ ਰਿਫਾਰਮ' ਦੇ ਬਰਾਬਰ ਤਾਲਮੇਲ ਦੀ ਇਕ ਅਨੋਖੀ ਮਿਸਾਲ ਹੈ।'

ਅੱਜ ਸਵੇਰ ਦੇ ਪਹਿਲੇ ਟਵੀਟ 'ਚ ਉਨ੍ਹਾਂ ਕਿਹਾ, 'ਇਤਿਹਾਸਕ ਉਪਲਬਧੀਆਂ ਨਾਲ ਭਰੇ ਮੋਦੀ 2.0 ਦੇ ਇਕ ਸਾਲ ਦੇ ਸਫ਼ਲ ਕਾਰਜਕਾਲ 'ਤੇ ਦੇਸ਼ ਦੇ ਹਰਮਨਪਿਆਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਦਿਲੋਂ ਵਧਾਈ ਦਿੰਦਾ ਹਾਂ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਡੀ ਦੂਰਦਰਸ਼ੀ ਤੇ ਫ਼ੈਸਲਾਕੁੰਨ ਅਗਵਾਈ 'ਚ ਭਾਰਤ ਇੰਝ ਹੀ ਲਗਾਤਾਰ ਪ੍ਰਗਤੀਸ਼ੀਲ ਰਹੇਗਾ। ਉਨ੍ਹਾਂ ਆਪਣੇ ਸਿਲਸਿਲੇਵਾਰ ਟਵੀਟ 'ਚ ਪ੍ਰਧਾਨ ਮੰਤਰੀ ਮੋਦੀ ਦੀਆਂ ਉਪਲਬਧੀਆਂ ਗਿਣਵਾਉਂਦਿਆਂ ਕਿਹਾ ਕਿ ਇਮਾਨਦਾਰ ਤੇ ਅਥਕ ਮਿਹਨਤ ਦੇ ਬਿੰਬ ਪ੍ਰਧਾਨ ਮੰਤਰੀ ਮੋਦੀ 'ਤੇ ਭਾਰਤ ਦੀ ਜਨਤਾ ਦਾ ਜਿਹੜਾ ਅਟੁੱਟ ਵਿਸ਼ਵਾਸ ਹੈ, ਉਵੇਂ ਦਾ ਦੇਸ਼ ਦੀ ਜਨਤਾ ਦਾ ਆਪਣੀ ਅਗਵਾਈ 'ਚ ਵਿਸ਼ਵਾਸ ਦੁਨੀਆ 'ਚ ਵਿਰਲਾ ਹੀ ਦੇਖਣ ਨੂੰ ਮਿਲਦਾ ਹੈ। ਮੋਦੀ ਸਰਕਾਰ ਨੂੰ ਚੁਣ ਕੇ ਇਨ੍ਹਾਂ ਉਪਲਬਧੀਆਂ ਦੀ ਸਹਿ-ਹਿੱਸੇਦਾਰ ਬਣੀ ਭਾਰਤ ਦੀ ਜਨਤਾ ਨੂੰ ਮੇਰਾ ਪ੍ਰਣਾਮ।'

ਇਸ ਦੇ ਨਾਲ ਹੀ ਗ੍ਰਹਿ ਮੰਤਰੀ ਨੇ ਭਾਜਪਾ ਵਰਕਰਾਂ ਦੀ ਵੀ ਸਮਰਥਨ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ, 'ਅੱਜ ਇਸ ਇਤਿਹਾਸਕ ਮੌਕੇ ਮੈਂ ਬੀਤੇ 6 ਸਾਲਾਂ ਤੋਂ ਮੋਦੀ ਸਰਕਾਰ ਦਾ ਸੰਦੇਸ਼ਵਾਹਕ ਬਣ ਕੇ ਸਰਕਾਰ ਦੀਆਂ ਉਪਲਬਧੀਆਂ ਤੇ ਲੋਕ ਕਲਿਆਮਕਾਰੀ ਯੋਜਨਾਵਾਂ ਨੂੰ ਘਰ-ਘਰ ਤਕ ਪਹੁੰਚਾਉਣ ਵਾਲੇ ਭਾਜਪਾ ਦੇ ਕਰੋੜਾਂ ਵਰਕਰਾਂ ਦਾ ਉਨ੍ਹਾਂ ਦੀ ਅਣਥਕ ਮਿਹਨਤ ਤੇ ਸੰਗਠਨ ਸਮਰਪਣ ਲਈ ਦਿਲੋਂ ਧੰਨਵਾਦ ਕਰਦਾ ਹਾਂ।

Posted By: Seema Anand