ਹੈਦਰਾਬਾਦ (ਆਈਏਐੱਨਐੱਸ) : ਜੋ ਲੋਕ ਕੋਰੋਨਾ ਦੀ ਲਪੇਟ 'ਚ ਆ ਚੁੱਕੇ ਹਨ ਉਨ੍ਹਾਂ ਲਈ ਵੈਕਸੀਨ (ਟੀਕਾ) ਦੀ ਇਕ ਖ਼ੁਰਾਕ ਹੀ ਕਾਫੀ ਹੈ। ਇਹ ਗੱਲ ਹੈਦਰਾਬਾਦ ਦੇ ਏਆਈਜੀ ਹਸਪਤਾਲ ਵੱਲੋਂ ਕਰਵਾਏ ਗਏ ਇਕ ਅਧਿਐਨ 'ਚ ਸਾਹਮਣੇ ਆਈ ਹੈ।

ਹਸਪਤਾਲ ਵੱਲੋਂ ਸੋਮਵਾਰ ਨੂੰ ਦੱਸਿਆ ਗਿਆ ਕਿ 16 ਜਨਵਰੀ ਤੋਂ 5 ਫਰਵਰੀ ਵਿਚਾਲੇ ਟੀਕਾ ਲਗਵਾਉਣ ਵਾਲੇ 260 ਸਿਹਤ ਮੁਲਾਜ਼ਮਾਂ 'ਤੇ ਇਹ ਅਧਿਐਨ ਕਰਵਾਇਆ ਹੈ। ਇਨ੍ਹਾਂ ਸਾਰਿਆਂ ਨੂੰ ਕੋਵਿਡਸ਼ੀਲਡ ਦਿੱਤੀ ਗਈ। ਇਸ ਅਧਿਐਨ 'ਚ ਦੋ ਖ਼ਾਸ ਸਿੱਟੇ ਸਾਹਮਣੇ ਆਏ ਹਨ ਤੇ ਜਿਨ੍ਹਾਂ ਨੂੰ ਕੌਮਾਂਤਰੀ ਪ੍ਰਸਿੱਧੀ ਹਾਸਲ ਮੈਡੀਕਲ ਜਰਨਲ 'ਚ ਪ੍ਰਕਾਸ਼ਿਤ ਕੀਤਾ ਗਿਆ ਹੈ।

ਕੋਰੋਨਾ ਦੀ ਲਪੇਟ 'ਚ ਆ ਚੁੱਕੇ ਲੋਕਾਂ ਨੂੰ ਜਦੋਂ ਵੈਕਸੀਨ ਦਿੱਤੀ ਗਈ ਤਾਂ ਉਨ੍ਹਾਂ 'ਚ ਕੋਰੋਨਾ ਤੋਂ ਪੀੜਤ ਨਾ ਹੋਣ ਵਾਲਿਆਂ ਦੀ ਤੁਲਨਾ 'ਚ ਐਂਟੀਬਾਡੀ ਬਣਨ ਦੀ ਸਮਰੱਥਾ ਜ਼ਿਆਦਾ ਪਾਈ ਗਈ। ਇਸ ਤਰ੍ਹਾਂ ਕੋਰੋਨਾ ਦੀ ਲਪੇਟ 'ਚ ਆ ਚੁੱਕੇ ਲੋਕਾਂ 'ਚ ਮੈਮੋਰੀ ਟੀ ਸੈੱਲ ਦੀ ਦਰ ਉਨ੍ਹਾਂ ਲੋਕਾਂ ਦੇ ਮੁਕਾਬਲੇ ਜ਼ਿਆਦਾ ਪਾਈ ਗਈ ਜੋ ਕੋਰੋਨਾ ਦੀ ਲਪੇਟ 'ਚ ਨਹੀਂ ਆਏ। ਅਧਿਐਨ 'ਚ ਪਾਇਆ ਗਿਆ ਕਿ ਕੋਰੋਨਾ ਦੀ ਲਪੇਟ 'ਚ ਆਏ ਤੇ ਜਿਨ੍ਹਾਂ ਲੋਕਾਂ ਨੂੰ ਠੀਕ ਹੋਣ ਦੇ ਤਿੰਨ ਤੋਂ ਛੇ ਮਹੀਨਿਆਂ ਦੇ ਅੰਦਰ ਟੀਕਾ ਲਾਇਆ ਗਿਆ, ਉਨ੍ਹਾਂ 'ਚ ਐਂਟੀਬਾਡੀ ਤੇ ਮੈਮੋਰੀ ਟੀ ਸੈੱਲ ਬਣਨ ਦੀ ਰਫ਼ਤਾਰ, ਕੋਰੋਨਾ ਤੋਂ ਇਨਫੈਕਟਿਡ ਨਾ ਹੋਣ ਤੇ ਟੀਕੇ ਦੀਆਂ ਦੋ ਖ਼ੁਰਾਕਾਂ ਲੈਣ ਵਾਲਿਆਂ ਨਾਲੋਂ ਜ਼ਿਆਦਾ ਰਹੀ।

ਇਸ ਅਧਿਐਨ 'ਚ ਸ਼ਾਮਲ ਰਹੇ ਤੇ ਏਆਈਜੀ ਹਸਪਤਾਲ ਦੇ ਚੇਅਰਮੈਨ ਡਾ. ਡੀ. ਨਾਗੇਸ਼ਵਰ ਰੈੱਡੀ ਨੇ ਦੱਸਿਆ ਕਿ ਅਜਿਹੇ ਸਮੇਂ 'ਚ ਜਦੋਂ ਦੇਸ਼ 'ਚ ਵੈਕਸੀਨ ਦੀ ਕਿੱਲਤ ਹੈ ਇਸ ਤਰ੍ਹਾਂ ਦਾ ਸਿੱਟਾ ਕਾਫੀ ਮਦਦਗਾਰ ਹੋ ਸਕਦਾ ਹੈ। ਵੈਕਸੀਨ ਦੀਆਂ ਖ਼ੁਰਾਕਾਂ ਬਚਾਅ ਕੇ ਜ਼ਿਆਦਾ ਲੋਕਾਂ ਨੂੰ ਟੀਕਾ ਲਾਇਆ ਜਾ ਸਕਦਾ ਹੈ। ਡਾ. ਨਾਗੇਸ਼ਵਰ ਨੇ ਕਿਹਾ ਕਿ ਇਸ ਸਮੇਂ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਕਿ ਉਪਲੱਬਧ ਖ਼ੁਰਾਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਟੀਕਾ ਲਾ ਕੇ ਹਰਡ ਇਮਿਊਨਿਟੀ ਦੇ ਪੱਧਰ ਤਕ ਪਹੁੰਚਾਈਏ। ਉਨ੍ਹਾਂ ਕਿਹਾ ਕਿ ਦੂਜੀ ਲਹਿਰ ਦੌਰਾਨ ਜਦੋਂ ਦੇਸ਼ 'ਚ ਨਵੇਂ ਮਾਮਲੇ ਤੇਜ਼ੀ ਨਾਲ ਵੱਧ ਰਹੇ ਸਨ ਉਦੋਂ ਟੀਕਾਕਰਨ ਦੀ ਰਫ਼ਤਾਰ ਕਾਫੀ ਿਢੱਲੀ ਪੈ ਗਈ ਸੀ।