ਜਾਗਰਣ ਬਿਊਰੋ, ਨਵੀਂ ਦਿੱਲੀ : ਕੋਰੋਨਾ ਸੰਕਟ ਦੌਰਾਨ ਵਿਦਿਆਰਥੀਆਂ 'ਤੇ ਇਕਮੁਸ਼ਤ ਪੂਰੀ ਫੀਸ ਜਮ੍ਹਾਂ ਕਰਨ ਦਾ ਦਬਾਅ ਬਣਾ ਰਹੇ ਇੰਜੀਨੀਅਰਿੰਗ ਸਮੇਤ ਦੂਸਰੀਆਂ ਤਕਨੀਕੀ ਸਿੱਖਿਆ ਸੰਸਥਾਵਾਂ ਨੂੰ ਅਖਿਲ ਭਾਰਤੀ ਤਕਨੀਕੀ ਸਿੱਖਿਆ ਪ੍ਰੀਸ਼ਦ (ਏਆਈਸੀਟੀਈ) ਨੇ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਜਦੋਂ ਤਕ ਸਥਿਤੀ ਪੂਰੀ ਤਰ੍ਹਾਂ ਨਾਰਮਲ ਨਹੀਂ ਹੁੰਦੀ, ਤਦ ਤਕ ਵਿਦਿਆਰਥੀਆਂ 'ਤੇ ਇਕੱਠੀ ਪੂਰੀ ਫੀਸ ਜਮ੍ਹਾਂ ਕਰਨ ਦਾ ਦਬਾਅ ਨਾ ਬਣਾਇਆ ਜਾਵੇ ਬਲਕਿ ਇਸ ਦੀ ਜਗ੍ਹਾ ਉਨ੍ਹਾਂ ਨੂੰ ਤਿੰਨ ਤੋਂ ਚਾਰ ਕਿਸ਼ਤਾਂ ਵਿਚ ਫੀਸ ਜਮ੍ਹਾਂ ਕਰਨ ਦਾ ਬਦਲ ਦਿੱਤਾ ਜਾਵੇ।

ਖਾਸ ਗੱਲ ਇਹ ਹੈ ਕਿ ਏਆਈਸੀਟੀਈ ਨੇ ਇਹ ਨਿਰਦੇਸ਼ ਉਦੋਂ ਦਿੱਤੇ ਹਨ ਜਦੋਂ ਇੰਜੀਨੀਅਰਿੰਗ ਕਾਲਜਾਂ ਸਮੇਤ ਦੂਸਰੀਆਂ ਤਕਨੀਕੀ ਸਿੱਖਿਆ ਸੰਸਥਾਵਾਂ ਵਿਚ ਕਈ ਕਲਾਸਾਂ ਵਿਚ ਦਾਖਲੇ ਦੀ ਪ੍ਰਕਿਰਿਆ ਚੱਲ ਰਹੀ ਹੈ। ਅਜਿਹੇ 'ਚ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਤੋਂ ਇਕਮੁਸ਼ਤ ਫੀਸ ਜਮ੍ਹਾਂ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਵੱਲੋਂ ਇਸ ਸਬੰਧ ਵਿਚ ਕੀਤੀਆਂ ਗਈਆਂ ਸ਼ਿਕਾਇਤਾਂ ਤੋਂ ਬਾਅਦ ਹਰਕਤ ਵਿਚ ਆਏ ਏਆਈਸੀਟੀਈ ਦੇ ਚੇਅਰਮੈਨ ਪ੍ਰੋ. ਅਨਿਲ ਸਹਸਰਬੁੱਧੇ ਨੇ ਇਹ ਨਿਰਦੇਸ਼ ਜਾਰੀ ਕੀਤਾ ਹੈ। ਏਆਈਸੀਟੀਈ ਨਾਲ ਸਬੰਧਤ ਦੇਸ਼ ਭਰ ਦੀਆਂ ਸਾਰੀਆਂ ਤਕਨੀਕੀ ਸੰਸਥਾਵਾਂ ਨੂੰ ਲਿਖੇ ਪੱਤਰ ਵਿਚ ਉਨ੍ਹਾਂ ਫੀਸ ਨੂੰ ਤਿੰਨ ਤੋਂ ਚਾਰ ਕਿਸ਼ਤਾਂ ਵਿਚ ਜਮ੍ਹਾਂ ਕਰਨ ਦੇ ਬਦਲ ਦੀ ਜਾਣਕਾਰੀ ਸੰਸਥਾ ਦੀ ਵੈੱਬਸਾਈਟ 'ਤੇ ਪ੍ਰਦਰਸ਼ਿਤ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਸੰਸਥਾਵਾਂ ਵੱਲੋਂ ਅਧਿਆਪਕਾਂ ਅਤੇ ਦੂਸਰੇ ਕਰਮਚਾਰੀਆਂ ਦੀ ਛਾਂਟੀ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਨਾਲ ਹੀ ਕਿਹਾ ਕਿ ਜਦੋਂ ਤਕ ਇਨ੍ਹਾਂ ਖ਼ਿਲਾਫ਼ ਕੋਈ ਗੰਭੀਰ ਬੇਨਿਯਮੀਆਂ ਦਾ ਮਾਮਲਾ ਸਾਹਮਣੇ ਨਹੀਂ ਆਉਂਦਾ, ਤਦ ਤਕ ਇਨ੍ਹਾਂ ਨੂੰ ਨੌਕਰੀ ਤੋਂ ਨਾ ਕੱਿਢਆ ਜਾਵੇ। ਇਨ੍ਹਾਂ ਨੂੰ ਸਮੇਂ ਸਿਰ ਤਨਖਾਹ ਅਤੇ ਸਾਰੇ ਭੱਤਿਆਂ ਦਾ ਭੁਗਤਾਨ ਕੀਤਾ ਜਾਵੇ। ਏਆਈਸੀਟੀਈ ਨੇ ਇਸ ਦੇ ਨਾਲ ਹੀ ਤਕਨੀਕੀ ਸਿੱਖਿਆ ਸੰਸਥਾਵਾਂ ਨੂੰ ਇਹ ਸੁਝਾਅ ਵੀ ਦਿੱਤਾ ਕਿ ਜਦੋਂ ਤਕ ਸੰਸਥਾਵਾਂ ਬੰਦ ਹਨ, ਉਹ ਸੰਸਥਾਵਾਂ ਦੇ ਵਾਈ-ਫਾਈ ਅਤੇ ਇੰਟਰਨੈੱਟ ਦਾ ਇਸਤੇਮਾਲ ਦੂਸਰੀਆਂ ਸਿੱਖਿਆ ਸੰਸਥਾਵਾਂ ਵਿਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਵੀ ਕਰਨ ਦੇਣ। ਏਆਈਸੀਟੀਈ ਨੇ ਵਿਦਿਆਰਥੀਆਂ ਨੂੰ ਇਸ ਦੌਰਾਨ ਭਰਮਾਊ ਖਬਰਾਂ ਤੋਂ ਬਚਣ ਦੀ ਵੀ ਸਲਾਹ ਦਿੱਤੀ। ਨਾਲ ਹੀ ਅਧਿਕਾਰਤ ਜਾਣਕਾਰੀ ਲਈ ਏਆਈਸੀਟੀਈ ਦਾ ਅਧਿਕਾਰਤ ਪੋਰਟਲ ਦੇਖਣ ਲਈ ਕਿਹਾ ਹੈ।