ਹਾਜੀਪੁਰ : ਥਾਣਾ ਹਾਜੀਪੁਰ ਅਧੀਨ ਪੈਂਦੇ ਪਿੰਡ ਸਿੰਗਪੁਰ ਤਰਖਾਣਾਂ 'ਚ ਬੁੱਧਵਾਰ ਸ਼ਾਮ ਨਾਲੀ 'ਚ ਸਫ਼ਾਈ ਨੂੰ ਲੈ ਕੇ ਗੁਆਂਢੀਆਂ ਨਾਲ ਵਿਵਾਦ ਹੋ ਗਿਆ ਜਿਸ ਪਿੱਛੋਂ ਹੋਈ ਹੱਥੋਪਾਈ ਵਿਚ ਇਕ ਵਿਅਕਤੀ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਮਿ੍ਤਕ ਦੀ ਪਛਾਣ ਮਨਜੀਤ ਸਿੰਘ (48) ਪੁੱਤਰ ਸੋਮਰਾਜ ਦੇ ਰੂਪ 'ਚ ਹੋਈ ਹੈ।

ਪੁਲਿਸ ਨੇ ਇਸ ਮਾਮਲੇ 'ਚ ਤਿੰਨ ਲੋਕਾਂ 'ਤੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨ 'ਚ ਮਨਜੀਤ ਸਿੰਘ ਦੇ ਭਰਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦੀ ਗੁਆਂਢੀ ਦੇਵਰਾਜ ਨਾਲ ਗੰਦੇ ਪਾਣੀ ਦੇ ਨਿਕਾਸ ਲਈ ਬਣੀ ਨਾਲੀ ਦੀ ਸਫ਼ਾਈ ਨੂੰ ਲੈ ਕੇ ਹਲਕੀ ਬਹਿਸ ਪਿੱਛੋਂ ਝਗੜਾ ਹੋਇਆ ਸੀ। ਇਸ ਦੌਰਾਨ ਦੇਵਰਾਜ, ਉਸ ਦੀ ਪਤਨੀ ਨਿਰਮਲਾ ਦੇਵੀ ਅਤੇ ਉਨ੍ਹਾਂ ਦੇ ਪੁੱਤਰ ਮਨਦੀਪ ਨੇ ਉਨ੍ਹਾਂ ਦੇ ਭਰਾ ਮਨਜੀਤ ਸਿੰਘ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮਨਦੀਪ ਨੇ ਮਨਜੀਤ ਸਿੰਘ ਦੇ ਗੁਪਤ ਅੰਗ 'ਤੇ ਵਾਰ ਕੀਤਾ ਜਿਸ ਕਾਰਨ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਉਸ ਨੂੰ ਤੁਰੰਤ ਮੁਢਲੀ ਸਹਾਇਤਾ ਲਈ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ।

ਪੁਲਿਸ ਨੇ ਮਨਜੀਤ ਸਿੰਘ ਦੇ ਭਰਾ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਦੇਵਰਾਜ, ਉਸ ਦੀ ਪਤਨੀ ਨਿਰਮਲਾ ਦੇਵੀ ਅਤੇ ਪੁੱਤਰ ਮਨਦੀਪ ਨੂੰ ਨਾਮਜ਼ਦ ਕਰ ਲਿਆ ਹੈ। ਪੁਲਿਸ ਨੇ ਤਿੰਨਾਂ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।